You are currently viewing ਦੁਨੀਆਂ ਚ ਮਾਂ ਤੋਂ ਵੱਡਾ ਹੋਰ ਕੋਈ ਰੁਤਬਾ ਨਹੀਂ : ਸ਼ੌਕਤ ਅਹਿਮਦ ਪਰੇ

ਦੁਨੀਆਂ ਚ ਮਾਂ ਤੋਂ ਵੱਡਾ ਹੋਰ ਕੋਈ ਰੁਤਬਾ ਨਹੀਂ : ਸ਼ੌਕਤ ਅਹਿਮਦ ਪਰੇ

ਬਠਿੰਡਾ, 30 ਨਵੰਬਰ : ਦੁਨੀਆਂ ਚ ਮਾਂ ਤੋਂ ਵੱਡਾ ਹੋਰ ਕੋਈ ਵੀ ਰੁਤਬਾ ਨਹੀਂ ਹੁੰਦਾ। ਸਾਨੂੰ ਆਪਣੇ ਮਾਤਾ-ਪਿਤਾ ਦੀ ਹਮੇਸ਼ਾ ਕਦਰ ਕਰਨੀ ਚਾਹੀਦੀ ਹੈ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਸਥਾਨਕ ਸਰਕਾਰੀ ਰਾਜਿੰਦਰਾ ਕਾਲਜ ਵਿਖੇ ਕਰਵਾਏ ਗਏ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਯੁਵਕ ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਉਪਰੰਤ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ ਜਤਿੰਦਰ ਭੱਲਾ ਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ਼੍ਰੀ ਰਘਵੀਰ ਸਿੰਘ ਮਾਨ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾਂ ਆਪਣੇ ਮਾਤਾ-ਪਿਤਾ ਦੀ ਸੇਵਾ ਕਰਨ ਦੇ ਨਾਲ-ਨਾਲ ਸ਼ਾਮ ਦੇ ਸਮੇਂ ਚ ਥੋੜਾ ਸਮਾਂ ਆਪਣੇ ਮਾਪਿਆਂ ਨਾਲ ਜ਼ਰੂਰ ਬਿਤਾਉਣਾ ਚਾਹੀਦਾ ਹੈ। ਯੁਵਕ ਮੇਲੇ ਦੌਰਾਨ ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਵਲੋਂ ਤਿਆਰ ਕੀਤੀ ਗਈ ਰੰਗੋਲੀ ਤੇ ਪੇਸ਼ ਕੀਤੀਆਂ ਗਈਆਂ ਵੱਖ-ਵੱਖ ਤਰ੍ਹਾਂ ਦੀਆਂ ਸੱਭਿਆਚਾਰ ਵੰਨਗੀਆਂ ਦੀ ਵੀ ਖੂਬ ਪ੍ਰਸ਼ੰਸਾ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਯੁਵਕ ਸੇਵਾਵਾਂ ਵਿਭਾਗ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਅਤੇ ਭਵਿੱਖ ਵਿੱਚ ਅਜਿਹੇ ਹੋਰ ਮੇਲੇ ਕਰਵਾਉਣ ਲਈ ਆਸ ਜਤਾਈ।
ਇਸ ਦੌਰਾਨ ਮੀਡੀਆਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਲੋਕ ਭਲਾਈ ਦੇ ਕਾਰਜਾਂ ਚ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਯੂਥ ਕਲੱਬਾਂ ਨੂੰ ਵਿਸ਼ੇਸ਼ ਤੌਰ ਸਨਮਾਨਿਤ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗ਼ਰੀਬ, ਲੋੜਵੰਦ ਵਿਅਕਤੀ ਨੂੰ ਸਿੱਖਿਆ ਅਤੇ ਸਿਹਤ ਸਹੂਲਤਾਂ ਆਦਿ ਲੈਣ ਲਈ ਕਿਸੇ ਵੀ ਪ੍ਰਕਾਰ ਦੀ ਕੋਈ ਜ਼ਰੂਰਤ ਹੋਵੇ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦਾ ਹੈ।
ਇਸ ਤੋਂ ਪਹਿਲਾਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ. ਜਤਿੰਦਰ ਭੱਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਯੂਥ ਦੀ ਭਲਾਈ ਲਈ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਵੀ ਇਨ੍ਹਾਂ ਯੁਵਕ ਮੇਲਿਆਂ ਦਾ ਹਿੱਸਾ ਜ਼ਰੂਰ ਬਣਨ ਅਤੇ ਜਿੰਦਗੀ ਚ ਅੱਗੇ ਵਧਣ।
ਇਸ ਦੋ ਰੋਜ਼ਾ ਯੁਵਕ ਮੇਲੇ ਦੌਰਾਨ ਜ਼ਿਲ੍ਹੇ ਨਾਲ ਸਬੰਧਤ 400 ਤੋਂ ਵਧੇਰੇ 15 ਤੋਂ 35 ਸਾਲ ਦੇ ਨੌਜਵਾਨਾਂ ਵਲੋਂ ਸ਼ਿਰਕਤ ਕੀਤੀ ਗਈ। ਇਸ ਦੌਰਾਨ ਫੁਲਕਾਰੀ, ਪੱਖੀ ਤੇ ਨਾਲੇ ਬੁਨਣਾ, ਰੰਗੋਲੀ ਬਣਾਉਣ, ਨਾ ਵਰਤੋਂਯੋਗ ਸਮਾਨ ਨੂੰ ਵਰਤੋਯੋਗ ਬਣਾਉਣ ਤੋਂ ਇਲਾਵਾ ਕਵੀਸ਼ਰੀ, ਲੋਕ ਗੀਤ, ਕਲੀ, ਡਿਬੇਟ, ਪੁਰਾਤਨ ਪੰਜਾਬੀ ਵਸਤਾਂ ਤੇ ਪਹਿਰਾਵੇ, ਗਿੱਧਾ ਤੇ ਭੰਗੜਾ ਦੇ ਮੁਕਾਬਲੇ ਕਰਵਾਏ ਗਏ ਜੋ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।
ਇਸ ਮੌਕੇ ਯੁਵਕ ਮੇਲੇ ਵਿੱਚ ਜੇਤੂ ਰਹੇ ਵਿਦਿਆਰਥੀਆਂ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਅਕਤੀਆਂ ਤੇ ਪਹੁੰਚੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਮੈਡਮ ਜਯੋਤਸਨਾ ਤੋਂ ਇਲਾਵਾ ਸਮੂਹ ਸਟਾਫ਼ ਵਿਦਿਆਰਥੀ ਆਦਿ ਹਾਜ਼ਰ ਰਹੇ।