You are currently viewing ਦਿਵਿਆਂਗਜਨਾਂ ਨੂੰ ਰਾਸ਼ਟਰੀ ਰਾਜਮਾਰਗਾਂ ਤੇ ਟੋਲ ਚ 100 ਫੀਸਦੀ ਛੋਟ: ਡਿਪਟੀ ਕਮਿਸ਼ਨਰ

ਦਿਵਿਆਂਗਜਨਾਂ ਨੂੰ ਰਾਸ਼ਟਰੀ ਰਾਜਮਾਰਗਾਂ ਤੇ ਟੋਲ ਚ 100 ਫੀਸਦੀ ਛੋਟ: ਡਿਪਟੀ ਕਮਿਸ਼ਨਰ

ਬਠਿੰਡਾ, 30 ਨਵੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੇ ਹਿੱਤਾਂ ਲਈ ਲਗਾਤਾਰ ਕੰਮ ਰਹੀ ਹੈ। ਇਸ ਦਿਸ਼ਾ ਵਿੱਚ ਇਕ ਹੋਰ ਕਦਮ ਚੁੱਕਦਿਆਂ ਦਿਵਿਆਂਗਜਨਾਂ ਨੂੰ ਪੰਜਾਬ ਦੇ ਰਾਸ਼ਟਰੀ ਰਾਜਮਾਰਗਾਂ ’ਤੇ ਟੋਲ ਵਿੱਚ 100 ਫੀਸਦੀ ਛੋਟ ਦਿੱਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ। 
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਿਵਿਆਂਗਜਨਾਂ ਦੇ ਨਾਮ ਤੇ ਰਜਿਸਟਰਡ ਵਹੀਕਲ, ਜੋ ਕਿ ਮੋਟਰ ਵਹੀਕਲ ਐਕਟ, 1988 ਅਤੇ ਇਸ ਦੇ ਅਧੀਨ ਬਣੇ ਨਿਯਮਾਂ ਦੇ ਅਧੀਨ ਦਿਵਿਆਂਗਜਨ ਮਲਕੀਅਤ ਅਧੀਨ ਰਜਿਸਟਰ ਹੋਏ ਹੋਣ, ਨੂੰ ਰਾਸ਼ਟਰੀ ਰਾਜਮਾਰਗਾਂ ਤੇ ਟੋਲ ਵਿੱਚ 100 ਪ੍ਰਤੀਸ਼ਤ ਰਿਆਇਤ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦਿਵਿਆਂਗਜਨਾਂ ਨੂੰ ਆਪਣੇ ਵਹੀਕਲਜ਼ ਦੀ ਰਜਿਸਟਰੇਸ਼ਨ ਸਰਟੀਫਿਕੇਟ ਚ ਮਲਕੀਅਤ ਦਿਵਿਆਂਗਜਨ ਵਜੋਂ ਦਰਜ ਕਰਾਉਣੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਅੱਗੇ ਹੋਰ ਦੱਸਿਆ ਕਿ ਕੋਈ ਵੀ ਦਿਵਿਆਂਗਜਨ ਆਪਣੇ ਨਵੇਂ ਜਾਂ ਪੁਰਾਣੇ ਵਹੀਕਲ ਦੀ ਮਲਕੀਅਤ ਦਿਵਿਆਂਗਜਨ ਵਜੋਂ ਟਰਾਂਸਪੋਰਟ ਵਿਭਾਗ ਵਿੱਚ ਬਿਨੈਪੱਤਰ ਦੇ ਕੇ ਰਜਿਸਟਰਡ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਲਾਭ ਲੈਣ ਲਈ ਸਬੰਧਤ ਬਿਨੇਕਾਰਾਂ ਨੂੰ ਛੋਟ ਵਾਲਾ ਸਪੈਸ਼ਲ ਫਾਸਟ ਟੈਗ ਲੈਣਾ ਪਵੇਗਾ, ਜਿਸ ਸਬੰਧੀ ਉਨ੍ਹਾਂ ਨੂੰ https://exemptedfastag.nhai.org/exemptedfastag/ ਵੈਬਸਾਈਟ ਤੇ ਆਪਣੇ ਆਪ ਨੂੰ ਰਜਿਸਟਰਡ ਕਰਨਾ ਪਵੇਗਾ ਅਤੇ ਰਜਿਸਟਰੇਸ਼ਨ ਉਪਰੰਤ ਆਨਲਾਈਨ ਫਾਰਮ ਭਰਨ ਉਪਰੰਤ ਸਮਰੱਥ ਅਥਾਰਟੀ ਵੱਲੋਂ ਛੋਟ ਵਾਲਾ ਫਾਸਟ ਟੈਗ ਜਾਰੀ ਕੀਤਾ ਜਾਵੇਗਾ, ਜੋ ਕਿ ਦਿਵਿਆਂਗਜਨ ਨੂੰ ਆਪਣੇ ਵਹੀਕਲ ਤੇ ਲਗਾਉਣਾ ਪਵੇਗਾ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਾਰੀ ਨਿਯਮ ਸਬੰਧੀ ਮੁਕੰਮਲ ਜਾਣਕਾਰੀ ਵਿਭਾਗ ਦੀ ਵੈਬਸਾਈਟ https://sswcd.punjab.gov.in/ ਤੇ ਉਪਲਬਧ ਹੈ। ਇਸ ਤੋਂ ਇਲਾਵਾ ਜੇਕਰ ਦਿਵਿਆਂਗਜਨਾਂ ਨੂੰ ਇਸ ਸਹੂਲਤ ਦਾ ਲਾਭ ਲੈਣ ਵਿੱਚ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਇਸ ਸਬੰਧੀ ਉਹ ਜ਼ਿਲ੍ਹੇ ਦੇ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਜਾਂ ਸਬੰਧਤ ਬਲਾਕ ਦੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ।