ਸਕੂਲਾਂ ਤੇ ਹੋਰ ਵਿਕਾਸ ਕਾਰਜਾਂ ਲਈ ਗ੍ਰਾਂਟਾ ਜਾਰੀ : ਅਮ੍ਰਿੰਤ ਲਾਲ ਅਗਰਵਾਲ
• ਭਵਿੱਖ ਚ ਵੀ ਅਖਤਿਆਰੀ ਕੋਟੇ ਚੋ ਗ੍ਰਾਂਟਾ ਲਗਾਤਾਰ ਰਹਿਣਗੀਆਂ ਜਾਰੀ
ਬਠਿੰਡਾ, 29 ਨਵੰਬਰ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਦੇ ਆਮ ਲੋਕਾਂ ਦੇ ਹਿੱਤਾਂ ਵਾਲੀ ਸਰਕਾਰ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤਲਾਲ ਅਗਰਵਾਲ ਨੇ ਵੱਖ-ਵੱਖ ਸਕੂਲਾਂ ਤੇ ਹੋਰ ਵਿਕਾਸ ਕਾਰਜਾਂ ਨੂੰ ਗ੍ਰਾਂਟਾਂ ਜਾਰੀ ਕਰਨ ਉਪਰੰਤ ਕੀਤਾ।
ਇਸ ਮੌਕੇ ਚੇਅਰਮੈਨ ਸ਼੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜੀਦਾ ਨੂੰ 1,12,000 ਰੁਪਏ, ਐਸ.ਡੀ.ਸਰਕਾਰੀ ਹਾਈ ਸਕੂਲ ਮੌੜ ਮੰਡੀ ਨੂੰ ਲੜਕੀਆਂ ਲਈ ਟੁਆਇਲਟ ਦੀ ਉਸਾਰੀ ਲਈ ਕ੍ਰਮਵਾਰ 1,12,000 ਰੁਪਏ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੱਕਾ ਕਲਾਂ ਨੂੰ ਪੀਣ ਵਾਲੇ ਪਾਣੀ ਲਈ 1,23,600 ਰੁਪਏ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਠਾਗੁਰੂ ਨੂੰ ਸਕੂਲ ਵਿੱਚ ਆਰ.ਓ. ਪਲਾਂਟ ਲਗਵਾਉਣ ਲਈ 75 ਹਜਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ।
ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਬਹੁ ਮੰਤਰੀ ਖੇਡ ਸਟੇਡੀਅਮ ਵਿਖੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਲਈ 2,96000 ਰੁਪਏ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਹਿਤਾ ਨੂੰ ਆਰ.ਓ. ਅਤੇ ਲੜਕੀਆਂ ਲਈ ਟੁਆਇਲਟ ਦੀ ਉਸਾਰੀ ਵਾਸਤੇ 1,37000 ਰੁਪਏ, ਸਰਕਾਰੀ ਪ੍ਰਾਇਮਰੀ ਤੇ ਸਰਕਾਰੀ ਮਿਡਲ ਸਕੂਲ ਮੀਆਂ ਨੂੰ 77-77 ਹਜਾਰ ਰੁਪਏ, ਸਰਕਾਰੀ ਐਲੀਮੈਂਟਰੀ ਸਕੂਲ ਨੰਦਗੜ੍ਹ ਨੂੰ ਪੀਣ ਵਾਲੇ ਪਾਣੀ ਲਈ 77 ਹਜਾਰ, ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਦੀ ਚਾਰਦੀਵਾਰੀ ਨੂੰ ਉੱਚਾ ਚੁੱਕਣ ਲਈ 4 ਲੱਖ ਰੁਪਏ ਦੀਆਂ ਗ੍ਰਾਟਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਪੁਲਿਸ ਲਾਈਨ ਬਠਿੰਡਾ ਵਿਖੇ ਜਿੰਮ ਦੇ ਸ਼ੈਡ ਦੀ ਉਸਾਰੀ ਲਈ 3 ਲੱਖ ਰੁਪਏ ਅਤੇ ਡਾ. ਅੰਬੇਦਕਰ ਧਰਮਸ਼ਾਲਾ ਦੀ ਉਸਾਰੀ ਲਈ 2 ਲੱਖ 50 ਹਜਾਰ ਰੁਪਏ ਦੀ ਗ੍ਰਾਂਟ ਦਿੱਤੀ ਗਈ।
ਇਸ ਮੌਕੇ ਚੇਅਰਮੈਨ ਸ਼੍ਰੀ ਅਗਰਵਾਲ ਨੇ ਕਿਹਾ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਪਹਿਲ ਦੇ ਆਧਾਰ ਤੇ ਗ੍ਰਾਂਟ ਦਿੱਤੀ ਗਈ ਹੈ ਤੇ ਅੱਗੇ ਤੋਂ ਵੀ ਅਖਤਿਆਰੀ ਕੋਟੇ ਵਿੱਚੋ ਗ੍ਰਾਂਟਾ ਦੇਣੀਆਂ ਜਾਰੀ ਰਹਿਣਗੀਆਂ।