ਜ਼ਿਲੇ ’ਚ ਧਾਰਾ 144 ਤਹਿਤ ਵੱਖ-ਵੱਖ ਪਾਬੰਦੀਆਂ ਲਾਗੂ : ਜ਼ਿਲ੍ਹਾ ਮੈਜਿਸਟ੍ਰੇਟ
ਹੁਕਮ 19 ਜਨਵਰੀ 2024 ਤੱਕ ਰਹਿਣਗੇ ਲਾਗੂ
ਬਠਿੰਡਾ, 28 ਨਵੰਬਰ : ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਜ਼ਿਲੇ ’ਚ ਅਣ-ਅਧਿਕਾਰਤ ਸੀਮਨ ਵਿਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਪ੍ਰਕਾਰ ਅਣ-ਅਧਿਕਾਰਤ ਤੌਰ ’ਤੇ ਵੇਚੇ ਜਾਂ ਖਰੀਦੇ ਜਾ ਰਹੇ ਸੀਮਨ ਦੀ ਵਰਤੋ ਕਰਨਾ ‘‘ਪੰਜਾਬ ਬੋਵਾਇਨ ਬਰੀਡਿੰਗ ਐਕਟ, 2016’’ ਅਨੁਸਾਰ ਉਚਿਤ ਨਹੀਂ ਹੈ। ਅਜਿਹਾ ਕਰਨ ਨਾਲ ਰਾਜ ਦੇ ਪਸ਼ੂਧਨ ਦੀ ਸੁਧਰੀ ਨਸ਼ਲ ਖਰਾਬ ਹੋਣ ਦਾ ਖਦਸਾ ਹੈ, ਕਿਉਂਕਿ ਅਜਿਹੇ ਸੀਮਨ ਦੀ ਪੈਡਿਗਰੀ ਅਤੇ ਬੀਮਾਰੀ ਰਹਿਤ ਹੋਣ ਬਾਰੇ ਕੁਝ ਪਤਾ ਨਹੀਂ ਹੁੰਦਾ। ਇਸ ਨਾਲ ਪਸ਼ੂਧਨ ਦੀ ਪ੍ਰੋਡਕਟੀਵਿਟੀ ਤੇ ਵੀ ਮਾੜਾ ਅਸਰ ਪੈ ਸਕਦਾ ਹੈ। ਇਸ ਤਰਾਂ ਜ਼ਿਲੇ ਭਰ ’ਚ ਅਣ-ਅਧਿਕਾਰਤ ਸੀਮਨ ਦਾ ਭੰਡਾਰ ਕਰਨ, ਟਰਾਂਸਪਰਟੇਸ਼ਨ ਕਰਨ, ਵਰਤਣ ਜਾਂ ਵੇਚਣ ’ਤੇ ਪਾਬੰਦੀ ਲਗਾਈ ਜਾਂਦੀ ਹੈ। ਇਹ ਹੁਕਮ ਪਸ਼ੂ ਪਾਲਣ ਵਿਭਾਗ, ਪੰਜਾਬ ਦੀਆਂ ਸਮੂਹ ਵੈਟਨਰੀ ਸੰਸਥਾਵਾਂ ਸਮੇਤ ਪਸ਼ੂ ਹਸਪਤਾਲ/ਡਿਸਪੈਂਸਰੀਆਂ ਤੇ ਪੋਲੀਕਲੀਨਿਕ, ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਅਧੀਨ ਚੱਲ ਰਹੇ ਰੂਰਲ ਵੈਟਨਰੀ ਹਸਪਤਾਲਾਂ ਨੂੰ ਜੋ ਕਿ ਪਸ਼ੂ ਪਾਲਣ ਵਿਭਾਗ ਪੰਜਾਬ ਵਲੋਂ ਸਪਲਾਈ ਕੀਤੇ ਸੀਮਨ ਨੂੰ ਵਰਤ ਰਹੇ ਹਨ। ਪਸ਼ੂ ਪਾਲਣ ਵਿਭਾਗ ਪੰਜਾਬ ਮਿਲਕਫੈਡ ਅਤੇ ਕਾਲਜ ਆਫ਼ ਵੈਟਨਰੀ ਸਾਇੰਸ ਗਡਵਾਸੂ ਲੁਧਿਆਣਾ ਵਲੋਂ ਚਲਾਏ ਜਾ ਰਹੇ ਆਰਟੀਫੀਸ਼ਲ ਇੰਸੈਮੀਨੇਸ਼ਨ ਸੈਂਟਰ। ਕੋਈ ਹੋਰ ਆਰਟੀਫੀਸ਼ਲ ਇਨਸੈਮੀਨੇਸ਼ਨ ਸੈਂਟਰ ਜੋ ਕਿ ਪਸ਼ੂ ਪਾਲਣ ਵਿਭਾਗ ਪੰਜਾਬ ਵਲੋਂ ਪ੍ਰੋਸੈਸ ਅਤੇ ਸਪਲਾਈ ਜਾਂ ਇੰਪੋਰਟ ਕੀਤੇ ਗਏ ਬੋਵਾਇਨ ਸੀਮਨ ਨੂੰ ਵਰਤ ਰਹੇ ਹਨ। ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਪੰਜਾਬ ਦੇ ਮੈਂਬਰ ਜਿਨ੍ਹਾਂ ਨੇ ਕੇਵਲ ਆਪਣੇ ਪਸ਼ੂਆਂ ਦੀ ਵਰਤੋਂ ਲਈ ਬੋਵਾਇਨ ਸੀਮਨ ਇੰਪੋਰਟ ਕੀਤਾ ਹੋਵੇ ਤੇ ਹੁਕਮ ਲਾਗੂ ਨਹੀਂ ਹੋਣਗੇ।
ਜਾਰੀ ਹੁਕਮ ਮੁਤਾਬਿਕ ਪੁਰਾਣੀ ਤਹਿਸੀਲ ਕੰਪਲੈਕਸ ਬਠਿੰਡਾ ਵਿਖੇ ਸਰਕਾਰੀ ਜਗ੍ਹਾਂ ਤੇ ਗੈਰ ਕਾਨੂੰਨੀ ਢੰਗ ਨਾਲ ਬਣਾਏ ਜਾ ਰਹੇ ਦੁਕਾਨਾਂ/ਬੂਥ/ਚੈਂਬਰ ਆਦਿ ਦੀ ਉਸਾਰੀ ਕਰਨ ਤੇ ਪੂਰਨ ਤੌਰ ਤੇ ਰੋਕ ਲਗਾਈ ਗਈ ਹੈ। ਇਹ ਹੁਕਮ ਸਰਕਾਰੀ ਜਗ੍ਹਾਂ ਵਿੱਚ ਸਰਕਾਰੀ ਇਮਾਰਤ ਬਣਾਉਣ ਤੇ ਲਾਗੂ ਨਹੀਂ ਹੋਵੇਗਾ।
ਜਾਰੀ ਹੁਕਮਾਂ ਚ ਜਨਤਕ ਥਾਵਾਂ ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਇੱਕਠੇ ਹੋਣਾ, ਜਨਤਕ ਥਾਵਾਂ ਤੇ ਕਿਸੇ ਵੀ ਵਿਅਕਤੀ ਵਲੋਂ ਨਾਹਰੇ ਲਗਾਉਣਾ, ਭੜਕਾਓ ਭਾਸ਼ਨ ਦੇਣਾ, ਜਨਤਕ ਥਾਵਾਂ ਤੇ ਮੀਟਿੰਗਾਂ ਕਰਨਾ, ਜ਼ਲੂਸ ਕੱਢਣ, ਜ਼ਿਲ੍ਹਾ ਬਠਿੰਡਾ ਦੀ ਹਦੂਦ ਅੰਦਰ ਲਾਇਸੰਸੀ ਹਥਿਆਰ, ਨੰਗੀਆਂ ਤਲਵਾਰਾਂ, ਬਰਛੇ ਭਾਲੇ ਅਤੇ ਹੋਰ ਕਿਸੇ ਵੀ ਤਰ੍ਹਾਂ ਮਾਰੂ ਹਥਿਆਰ ਅਤੇ ਚਲਾਉਣ ਤੇ ਉਨ੍ਹਾਂ ਦਾ ਪ੍ਰਦਰਸ਼ਨ ਕਰਨ ਤੇ ਪੂਰਨ ਰੋਕ ਲਗਾਈ ਜਾਂਦੀ ਹੈ। ਇਹ ਹੁਕਮ ਵਿਆਹ, ਸੋਕਮਈ ਇੱਕਠ, ਪੁਲਿਸ, ਆਰਮੀ, ਵਰਦੀਆਂ ਵਿੱਚ ਮਿਲਟਰੀਆਂ ਅਮਲਾ ਡਿਊਟੀ ਤੇ ਕੋਈ ਹੋਰ ਸਰਕਾਰੀ ਕਰਮਚਾਰੀ ਤੇ ਲਾਗੂ ਨਹੀਂ ਹੋਵੇਗਾ।
ਜਾਰੀ ਹੁਕਮ ਅਨੁਸਾਰ ਸ਼ਡਿਊਲ ‘ਐਕਸ’ ਤੇ ‘ਐਚ’ ਦਵਾਈਆਂ ਵੇਚਣ ਵਾਲੇ ਮੈਡੀਕਲ ਸਟੋਰਾਂ ‘ਤੇ ਸੀਸੀਟੀਵੀ ਕੈਮਰੇ ਲਗਾਉਣ ਲਈ ਹਦਾਇਤ ਕੀਤੀ। ਹੁਕਮ ਅਨੁਸਾਰ ਜ਼ਿਲ੍ਹੇ ਦੀਆਂ ਸਾਰੀਆਂ ਮੈਡੀਕਲ/ਕੈਮਿਸਟ/ਫਾਰਮੇਸੀ ਦੀਆਂ ਦੁਕਾਨਾਂ, ਡਰੱਗਜ਼ ਐਂਡ ਕਾਸਮੈਟਿਕਸ ਰੂਲਜ਼ 1945 ਦੇ ਨਿਯਮ 9 ਦੇ ਅਨੁਸਾਰ ਸ਼ਡਿਊਲ ਐਕਸ ਅਤੇ ਐੱਚ ਦਵਾਈਆਂ ਦੀ ਵਿਕਰੀ ਕਰਦੀਆਂ ਹਨ, ਉਨ੍ਹਾਂ ਦੁਕਾਨਾਂ ਦੇ ਬਾਹਰ ਤੇ ਅੰਦਰ ਸੀ.ਸੀ.ਟੀ.ਵੀ. ਕੈਮਰੇ ਲਗਾਉਣੇ ਯਕੀਨੀ ਬਣਾਉਣ। ਹੁਕਮ ਅਨੁਸਾਰ ਅਜਿਹੇ ਮੈਡੀਕਲ/ਕੈਮਿਸਟ/ਫਾਰਮੇਸੀ ਦੁਕਾਨਾਂ ਦੇ ਮਾਲਕਾਂ ਨੂੰ ਸੀਸੀਟੀਵੀ ਕੈਮਰੇ ਲਗਾਉਣ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ।
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਤੇ ਜ਼ਿਲ੍ਹਾ ਡਰੱਗ ਕੰਟਰੋਲਰ ਅਥਾਰਟੀ ਇਸ ਹੁਕਮ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ ਤੇ ਕੈਮਿਸਟਾਂ/ਫਾਰਮੇਸੀ ਸਟੋਰਾਂ ਦੇ ਸੀਸੀਟੀਵੀ ਫੁਟੇਜ ਦੀ ਵੀ ਬੇਤਰਤੀਬੇ ਤੌਰ ‘ਤੇ ਜਾਂਚ ਕਰਨਗੇ। ਹੁਕਮ ਅਨੁਸਾਰ ਡਰੱਗਜ਼ ਦੀ ਵਿਕਰੀ ‘ਤੇ ਨਜ਼ਰ ਰੱਖਣੀ ਜ਼ਰੂਰੀ ਹੈ ਤਾਂ ਜੋ ਬੱਚਿਆਂ ਨੂੰ ਨਸ਼ੇ ਦੇ ਆਦੀ ਹੋਣ ਤੋਂ ਰੋਕਿਆ ਜਾ ਸਕੇ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਸਥਾਪਨਾ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਹੁਕਮ ਅਨੁਸਾਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲੇ ਅੰਦਰ ਉਲਾਈਵ ਗਰੀਨ ਰੰਗ ਦੀ ਮਿਲਟਰੀ ਵਰਦੀ ਤੇ ਉਲਾਈਵ ਗਰੀਨ ਰੰਗ (ਮਿਲਟਰੀ ਰੰਗ) ਦੀਆਂ ਜੀਪਾਂ/ਮੋਟਰਸਾਈਕਲਾਂ/ਮੋਟਰ ਗੱਡੀਆਂ ਦੀ ਵਰਤੋਂ ਦੀ ਮਨਾਹੀ ਕੀਤੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਇੱਕ ਹੋਰ ਹੁਕਮ ਅਨੁਸਾਰ ਪੰਜਾਬ ਵਿਲੇਜ ਤੇ ਸਮਾਲ ਟਾਊਨ ਕੰਟਰੋਲ ਐਕਟ 1918 ਦੀ ਧਾਰਾ 3 ਸਬ-ਸੈਕਸ਼ਨ 1 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲੇ ਅੰਦਰ ਪਿੰਡ, ਰੇਲਵੇ ਟਰੈਕ, ਸੂਏ ਤੇ ਨਹਿਰਾਂ ਦੇ ਪੁਲ, ਨਹਿਰਾਂ, ਜਨ-ਨਿਕਾਸ ਦੇ ਨਾਲਿਆਂ ਅਤੇ ਸੂਏ/ਰਜਵਾਹੇ, ਆਇਲ ਪਾਈਪ ਲਾਈਨਜ਼ ਆਦਿ ਨਾਲ ਲਗਦੇ ਸਾਰੇ ਪਿੰਡਾਂ ਦੇ ਨਰੋਈ ਸਿਹਤ ਵਾਲੇ ਸਾਰੇ ਬਾਲਗ ਆਦਮੀ ਸਾਰੇ ਪਿੰਡਾਂ, ਰੇਲ ਪਟੜੀਆਂ, ਜਲ ਸਪਲਾਈ ਸਕੀਮਾਂ, ਨਹਿਰਾਂ, ਜਲ ਨਿਕਾਸ ਦੇ ਨਾਲਿਆਂ ਅਤੇ ਸੂਏ ਟੁੱਟਣ ਤੋਂ ਬਚਾਉਣ ਲਈ ਠੀਕਰੀ ਪੈਰਾ ਰਾਖੀ ਦੀ ਡਿਊਟੀ ਨਿਭਾਉਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਹੋਰ ਹੁਕਮ ਰਾਹੀਂ ਜ਼ਿਲ੍ਹੇ ’ਚ ਮੌਜ਼ੂਦ ਹਵਾਈ ਅੱਡੇ ਦੇ ਘੇਰੇ ਤੋਂ ਦੋ ਕਿਲੋਮੀਟਰ ਅੰਦਰ ਲਾਲਟੇਨ ਪਤੰਗਾਂ, ਇੱਛਾ ਪਤੰਗਾਂ ਆਦਿ ਦੀ ਵਰਤੋਂ ’ਤੇ ਪੂਰਨ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਲਾਲਟੇਨ ਪਤੰਗਾਂ, ਇੱਛਾ ਪਤੰਗਾਂ ਦੀ ਵਰਤੋਂ ਹਵਾਈ ਜਹਾਜ਼ਾਂ ਦੇ ਉਤਰਨ ਤੇ ਚੜਨ ਸਮੇਂ ਦੌਰਾਨ ਕੰਮ-ਕਾਜ ਅਤੇ ਸੁਰੱਖਿਆ ਲਈ ਖਤਰਾ ਪੈਦਾ ਕਰਦੀਆਂ ਹਨ।
ਇੱਕ ਹੋਰ ਹੁਕਮ ਅਨੁਸਾਰ ਪੰਜਾਬ ਜੇਲ੍ਹ ਰੂਲਜ਼, 2022 ਤਹਿਤ ਜੇਲ੍ਹਾ ਵਿੱਚ ਲਾਗੂ ਹੋਣ ਵਾਲੇ ਕਿਸੇ ਹੋਰ ਕਾਨੂੰਨ ਦੇ ਅਧੀਨ ਕੇਂਦਰੀ ਜੇਲ੍ਹ ਬਠਿੰਡਾ ਅੰਦਰ ਗੈਰ ਕਾਨੂੰਨੀ ਅਪਰਾਧਿਕ ਗਤੀਵਿਧੀਆਂ ਅਤੇ ਅਜਿਹੀਆਂ ਪਾਬੰਦੀਸ਼ੁੱਦਾ ਵਸਤੂਆਂ ਰੱਖਣ ਤੇ ਪੂਰਨ ਰੋਕ ਲਗਾਈ ਜਾਂਦੀ ਹੈ।
ਅਗਲੇ ਹੁਕਮਾਂ ਅਨੁਸਾਰ ਏਅਰ ਫ਼ੋਰਸ, ਭਿਸੀਆਣਾ ਹਵਾਈ ਅੱਡੇ ਦੇ ਬਾਹਰ 100 ਗਜ ਏਰੀਏ ਦੀ ਹਦੂਦ ਅੰਦਰ ਪੁਲਿਸ ਵੈਰੀਫਿਕੇਸ਼ਨ ਕਰਵਾਏ ਤੋਂ ਬਿਨਾਂ ਲੋਕਾਂ ਵਲੋਂ ਦੁਕਾਨਾਂ ਬਣਾਕੇ ਕਾਰੋਬਾਰ ਕਰਨ ’ਤੇ ਪਾਬੰਦੀ ਲਗਾਈ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਹੁਕਮ ਅਨੁਸਾਰ ਮਿੰਨੀ ਸਕੱਤਰੇਤ, ਬਠਿੰਡਾ ਵਿਚ ਕਾਗਜ਼ ਅਤੇ ਹੋਰ ਕੂੜਾ-ਕਰਕਟ ਨੂੰ ਉਸ ਦੀ ਸਹੀ ਥਾਂ ’ਤੇ ਸੁਟਵਾਉਣ ਦੀ ਹਦਾਇਤ ਕੀਤੀ ਹੈ। ਹੁਕਮ ਮੁਤਾਬਿਕ ਬੀੜੀ, ਪਾਨ, ਜਰਦਾ ਅਤੇ ਜਰਦੇ ਵਾਲੇ ਗੁਟਖੇ, ਸਿਗਰਟ ਦੇ ਟੋਟੇ ਜਾਂ ਹੋਰ ਗੰਦ ਮਿੰਨੀ ਸਕੱਤਰੇਤ ਦੀ ਇਮਾਰਤ ਦੇ ਅੰਦਰ ਨਾ ਸੁੱਟਿਆ ਜਾਵੇ।
ਹੁਕਮ ਅਨੁਸਾਰ ਸਿਵਲ ਏਅਰਪੋਰਟ ਵਿਰਕ ਕਲਾਂ, ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਰਾਮਾਂ, ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਬਠਿੰਡਾ, ਆਈ.ਓ.ਸੀ.ਐਲ, ਬੀ.ਪੀ.ਸੀ.ਐਲ., ਐਚ.ਪੀ.ਸੀ.ਐਲ., ਬਲਕ ਪੀ.ਓ.ਐਲ ਟਰਮੀਨਲ ਫੂਸ ਮੰਡੀ ਮਾਨਸਾ ਰੋਡ ਬਠਿੰਡਾ ਦੇ ਆਸ-ਪਾਸ ਦੇ ਏਰੀਏ ਚ ਡਰੋਨ ਕੈਮਰਾ ਚਲਾਉਣ/ਉਡਾਉਣ ਤੇ ਪਾਬੰਦੀ ਲਗਾਈ ਗਈ ਹੈ।
ਇਸੇ ਤਰ੍ਹਾਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਹੋੁਰ ਹੁਕਮਾਂ ਮੁਤਾਬਿਕ ਜ਼ਿਲ੍ਹੇ ’ਚ ਅਮਨ ਤੇ ਕਾਨੂੰਨ ਦੀ ਕਾਇਮੀ ਲਈ ਵਿਆਹਾਂ, ਸ਼ਾਦੀਆਂ ਤੇ ਹੋਰ ਸਮਾਗਮਾਂ ਆਦਿ ’ਤੇ ਪਟਾਕੇ, ਆਤਿਸ਼ਬਾਜ਼ੀ ਚਲਾਉਣ ਤੇ ਆਰਮ ਫਾਇਰ ਦੀ ਵਰਤੋਂ ਕਰਨ ਉੱਪਰ ਮੁਕੰਮਲ ਪਾਬੰਦੀ ਲਗਾਈ ਗਈ ਹੈ।
ਜਾਰੀ ਕੀਤੇ ਗਏ ਹੁਕਮ ਅਨੁਸਾਰ ਜ਼ਿਲ੍ਹੇ ਦੀ ਹਦੂਦ ਅੰਦਰ ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚ ਕੁਝ ਲੋਕ ਪਾਣੀ ਦੀਆਂ ਟੈਂਕੀਆਂ ਜਾਂ ਅਜਿਹੀਆਂ ਉਚੀਆਂ ਥਾਵਾਂ ਤੇ ਚੜ ਜਾਂਦੇ ਹਨ, ਜਿਸ ਨਾਲ ਉਹ ਆਪਣੇ ਆਪ ਨੂੰ ਜਾਂ ਆਮ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਤੋਂ ਇਲਾਵਾ ਕਿਸੇ ਸ਼ਰਾਰਤੀ ਅਨਸਰ ਵਲੋਂ ਟੈਂਕੀਆਂ ਤੇ ਚੜਕੇ ਪੀਣ ਵਾਲੇ ਪਾਣੀ ਵਿਚ ਕੋਈ ਜ਼ਹਿਰੀਲੀ ਜਾਂ ਖ਼ਤਰਨਾਕ ਵਸਤੂ ਸੁੱਟਕੇ ਆਮ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਅਤੇ ਅਜਿਹੇ ਸ਼ਰਾਰਤੀ ਅਨਸਰਾਂ ਵਲੋਂ ਪਾਣੀਆਂ ਦੀਆਂ ਟੈਂਕੀਆਂ ’ਤੇ ਚੜਕੇ ਜਾਂ ਅਜਿਹੀਆਂ ਉਚੀਆਂ ਥਾਵਾਂ ’ਤੇ ਚੜਕੇ ਲੁਕ ਕੇ ਭੰਨ-ਤੋੜ ਕੀਤੀ ਜਾ ਸਕਦੀ ਹੈ। ਜਾਰੀ ਹੁਕਮਾਂ ਅਨੁਸਾਰ ਉਕਤ ਦੇ ਮੱਦੇਨਜ਼ਰ ਕਾਨੂੰਨ ਅਤੇ ਵਿਵਸਥਾ ਨੂੰ ਸੰਚਾਰੂ ਰੂਪ ਨਾਲ ਚਲਾਉਣ ਲਈ ਕਿਸੇ ਵੀ ਵਿਅਕਤੀ ਦੇ ਪਾਣੀ ਦੀਆਂ ਟੈਕੀਆਂ ’ਤੇ ਚੜਣ ਜਾਂ ਅਜਿਹੀਆਂ ਉਚੀਆਂ ਥਾਵਾਂ ’ਤੇ ਪਾਬੰਦੀ ਲਗਾਈ ਜਾਂਦੀ ਹੈ।
ਉਪਰੋਕਤ ਹੁਕਮ 19 ਜਨਵਰੀ 2024 ਤੱਕ ਲਾਗੂ ਰਹਿਣਗੇ।