“ਵਿਕਸਿਤ ਭਾਰਤ ਸੰਕਲਪ ਯਾਤਰਾ” ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਨੇ 3 ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਜ਼ਿਲ੍ਹੇ ਦੇ ਪਿੰਡਾਂ ਚ ਆਮ ਲੋਕਾਂ ਨੂੰ ਵੱਖ-ਵੱਖ ਸਕੀਮਾਂ ਸਬੰਧੀ ਕੀਤਾ ਜਾਵੇਗਾ ਜਾਗਰੂਕ
ਬਠਿੰਡਾ, 24 ਨਵੰਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਅੱਜ “ਵਿਕਸਿਤ ਭਾਰਤ ਸੰਕਲਪ ਯਾਤਰਾ” ਮੁਹਿੰਮ ਤਹਿਤ ਸਥਾਨਕ ਸਰਕਿਟ ਹਾਊਸ ਤੋਂ 3 ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਮਨਿਸਟਰੀ ਆਫ਼ ਕਾਮਰਸ ਅਤੇ ਇੰਡਸਟਰੀਜ਼ ਸ਼੍ਰੀ ਮੁਹੰਮਦ ਇਸਰਾਰ ਅਲੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ “ਵਿਕਸਤ ਭਾਰਤ ਸੰਕਲਪ ਯਾਤਰਾ” ਤਹਿਤ ਜ਼ਿਲ੍ਹਾ ਬਠਿੰਡਾ ਲਈ ਅੱਜ 3 ਵੈਨਾਂ ਨੂੰ ਰਵਾਨਾ ਕੀਤਾ ਗਿਆ ਹੈ। ਇਹ ਵੈਨਾਂ ਵੱਖ-ਵੱਖ ਬਲਾਕਾਂ ਦੇ ਪਿੰਡਾਂ ਵਿੱਚ ਪ੍ਰਚਾਰ ਕਰਨਗੀਆਂ ਅਤੇ ਪ੍ਰਤੀ ਵੈਨ ਹਰ ਰੋਜ਼ 2 ਪਿੰਡ ਕਵਰ ਕਰਦਿਆਂ ਭਾਰਤ ਸਰਕਾਰ ਦੀਆਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਗਰੂਕ ਕਰੇਗੀ। ਇਸ ਮੌਕੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਮੌਕੇ ਤੇ ਮੌਜੂਦ ਰਹਿਣਗੇ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ “ਵਿਕਸਤ ਭਾਰਤ ਸੰਕਲਪ ਯਾਤਰਾ” ਮੁਹਿੰਮ ਪੂਰੇ ਭਾਰਤ ਦੇਸ਼ ਲਈ 15 ਨਵੰਬਰ 2023 ਤੋਂ ਸ਼ੁਰੂ ਕੀਤੀ ਗਈ ਹੈ ਅਤੇ 26 ਜਨਵਰੀ 2024 ਤੱਕ ਜਾਰੀ ਰਹੇਗੀ। ਇਸ ਦੌਰਾਨ 2.50 ਲੱਖ ਗ੍ਰਾਮ ਪੰਚਾਇਤਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ 17 ਸਕੀਮਾਂ ਸਬੰਧੀ ਪ੍ਰਚਾਰ ਮੁਹਿੰਮ ਦੌਰਾਨ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਹ ਵੈਨਾਂ ਦੂਰ-ਦੁਰਾਡੇ ਦੇ ਇਲਾਕਿਆਂ ਜਿੱਥੋਂ ਦੇ ਲੋਕ ਭਾਰਤ ਸਰਕਾਰ ਦੀਆਂ ਸਕੀਮਾਂ ਤੋਂ ਵਾਂਝੇ ਰਹਿ ਗਏ ਹਨ ਜਾਂ ਪੂਰੀ ਤਰ੍ਹਾਂ ਲਾਭ ਪ੍ਰਾਪਤ ਨਹੀਂ ਕਰ ਸਕੇ ਜਾਂ ਗਰੀਬ ਲੋਕ ਜੋ ਪੜ੍ਹਾਈ ਆਦਿ ਤੋਂ ਵਾਂਝੇ ਹਨ ਲਈ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਲੋਕਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਪ੍ਰਾਪਤ ਹੋ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਵੈਨਾਂ ਰਾਹੀਂ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਸਬੰਧੀ ਜਿਵੇਂ ਫਾਰਮ ਭਰਨ ਤੋਂ ਲੈ ਕੇ ਲਾਭ ਪ੍ਰਾਪਤ ਕਰਨ ਤੱਕ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸਕਰੀਨ ਸ਼ਾਟ, ਫਿਲਮਾਂ, ਨਾਟਕਾਂ, ਸਕਿੱਟਾਂ, ਗੀਤਾਂ, ਬੋਲੀਆਂ, ਕਲਚਰਲ ਪ੍ਰੋਗਰਾਮਾਂ ਰਾਹੀਂ, ਲਿਟਰੇਚਰ, ਕਿਤਾਬਚੇ, ਪੜ੍ਹਨ ਸਮੱਗਰੀ ਆਦਿ ਵੰਡ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਅੱਜ ਪਹਿਲੇ ਦਿਨ ਇਨ੍ਹਾਂ ਵੈਨਾਂ ਦੁਆਰਾ ਬਠਿੰਡਾ ਬਲਾਕ ਦੇ ਪਿੰਡ ਗੁਲਾਬਗੜ੍ਹ ਤੇ ਕਟਾਰ ਸਿੰਘ ਵਾਲਾ, ਨਥਾਣਾ ਬਲਾਕ ਦੇ ਪੂਹਲਾ ਅਤੇ ਪੂਹਲੀ ਅਤੇ ਗੋਨਿਆਣਾ ਬਲਾਕ ਦੇ ਖਿਆਲੀਵਾਲਾ ਤੇ ਖੇਮੂਆਣਾ ਵਿਖੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਡਾਇਰੈਕਟਰ ਮਨਿਸਟਰੀ ਆਫ਼ ਕਾਮਰਸ ਅਤੇ ਇੰਡਸਟਰੀਜ਼ ਸ਼੍ਰੀ ਮੁਹੰਮਦ ਇਸਰਾਰ ਅਲੀ ਨੇ ਦੱਸਿਆ ਕਿ ਇਨ੍ਹਾਂ ਵੈਨਾਂ ਦੁਆਰਾ ਆਧੁਨਿਕ ਤਕਨਾਲੋਜ਼ੀ, ਰੋਚਕਤਾ ਭਰਪੂਰ ਕਲਚਰਲ ਪ੍ਰੋਗਰਾਮ ਨਾਲ ਪ੍ਰਚਾਰ ਕੀਤਾ ਜਾਵੇਗਾ ਤਾਂ ਜੋ ਲੋੜਵੰਦ ਭਾਰਤੀਆਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਮਿਲ ਸਕੇ ਅਤੇ ਵਿਕਸਤ ਭਾਰਤ ਦੇ ਸੰਕਲਪ ਦਾ ਟੀਚਾ ਪੂਰਾ ਹੋ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਲਵਜੀਤ ਕਲਸੀ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।