You are currently viewing ਨਸ਼ਾ ਮੁਕਤ ਪੰਜਾਬ”

ਨਸ਼ਾ ਮੁਕਤ ਪੰਜਾਬ”

 

 

“ਨਸ਼ਾ ਮੁਕਤ ਪੰਜਾਬ”

 

–ਨੌਜਵਾਨਾਂ ਨੂੰ ਉਸਾਰੂ ਸੋਚ ਨਾਲ ਜੋੜਨਾ ਹੈ ਸਮੇਂ ਦੀ ਮੁੱਖ ਲੋੜ : ਐਸ.ਪੀ.ਐਸ. ਪਰਮਾਰ

 

–ਖੇਡਾਂ ਦਾ ਸਾਡੇ ਜੀਵਨ ਚ ਹੈ ਅਹਿਮ ਰੋਲ : ਸ਼ੌਕਤ ਅਹਿਮਦ ਪਰੇ

 

ਕਬੱਡੀ ਲੜਕੇ ਤੇ ਲੜਕੀਆਂ ਦੇ ਫਾਈਨਲ ਮੁਕਾਬਲਿਆਂ ਚ ਮੀਰੀ ਪੀਰੀ ਕਲੱਬ ਜੰਡਾਵਾਲਾ ਨੇ ਮਾਰੀ ਬਾਜ਼ੀ

 

ਕੁਸ਼ਤੀ ਦੇ ਦਿਲਚਸ਼ਪ ਮੁਕਾਬਲਿਆਂ ਚ ਪਹਿਲਵਾਨਾਂ ਨੇ ਦਿਖਾਏ ਜੌਹਰ

 

ਜਸਵਿੰਦਰ ਜੱਸੀ ਵੱਲੋਂ ਗਾਏ ਗੀਤਾਂ ਦਾ ਦਰਸ਼ਕਾਂ ਨੇ ਮਾਣਿਆ ਖੂਬ ਆਨੰਦ

 

ਬਠਿੰਡਾ, 24 ਨਵੰਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਗਈ “ਨਸ਼ਾ ਮੁਕਤ ਪੰਜਾਬ” ਮੁਹਿੰਮ ਤਹਿਤ ਅੱਜ ਜ਼ਿਲਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਥਾਨਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਕਬੱਡੀ (ਸਰਕਲ ਸਟਾਇਲ) ਅਤੇ ਕੁਸ਼ਤੀ ਦੇ ਗਹਿਗੱਚ ਮੁਕਾਬਲੇ ਕਰਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਏ.ਡੀ.ਜੀ.ਪੀ ਬਠਿੰਡਾ ਰੇਂਜ ਸ਼੍ਰੀ ਐਸ.ਪੀ.ਐਸ. ਪਰਮਾਰ ਤੇ ਵਿਸ਼ੇਸ਼ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ, ਐਸ.ਐਸ.ਪੀ ਸ਼੍ਰੀ ਹਰਮਨਬੀਰ ਸਿੰਘ ਗਿੱਲ ਤੇ ਜ਼ਿਲ੍ਹਾ ਯੋਜ਼ਨਾ ਬੋਰਡ ਦੇ ਚੇਅਰਮੈਨ ਸ਼੍ਰੀ ਅੰਮ੍ਰਿਤਲਾਲ ਅਗਰਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਮੌਕੇ ਸਮੂਹ ਹਾਜ਼ਰੀਨ ਵੱਲੋਂ ਨਸ਼ਿਆਂ ਖਿਲਾਫ਼ ਸਹੁੰ ਵੀ ਚੁੱਕੀ ਗਈ।

 

ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਏ.ਡੀ.ਜੀ.ਪੀ ਬਠਿੰਡਾ ਰੇਂਜ ਸ਼੍ਰੀ ਐਸ.ਪੀ.ਐਸ. ਪਰਮਾਰ ਨੇ ਸੰਬੋਧਨ ਕਰਦਿਆਂ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਲਈ ਸੱਦਾ ਦਿੱਤਾ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਦੀ ਨਸ਼ਿਆਂ ਖਿਲਾਫ਼ ਵਿੱਢੀ ਗਈ “ਨਸ਼ਾ ਮੁਕਤ ਪੰਜਾਬ” ਜਾਗਰੂਕਤਾ ਮੁਹਿੰਮ ਵਿੱਚ ਵੀ ਪ੍ਰਸ਼ਾਸਨ ਦਾ ਵੱਧ ਤੋਂ ਵੱਧ ਸਾਥ ਦੇਣ।

 

ਇਸ ਤੋਂ ਪਹਿਲਾਂ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਧਿਆਪਕਾਂ, ਮਾਪਿਆਂ ਅਤੇ ਸਾਨੂੰ ਸਾਰਿਆਂ ਨੂੰ ਰਲ ਕੇ ਆਪਣਾ ਰਸਤਾ ਭਟਕ ਚੁੱਕੇ ਨੌਜਵਾਨਾਂ ਨੂੰ ਮੋਟੀਵੇਟ ਕਰਕੇ ਉਨ੍ਹਾਂ ਨੂੰ ਸਹੀ ਸੇਧ ਵੱਲ ਲਿਆਉਣਾ ਸਮੇਂ ਦੀ ਮੁੱਖ ਲੋੜ ਹੈ।

 

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਤੇ ਨਿਗਰਾਨੀ ਰੱਖਦਿਆਂ ਉਨ੍ਹਾਂ ਦੇ ਵਿਵਹਾਰ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਮਾਪਿਆਂ ਦੁਆਰਾ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਵੱਧ ਤੋਂ ਵੱਧ ਪ੍ਰੇਰਿਤ ਕਰਨਾ ਚਾਹੀਦਾ ਹੈ।

 

ਕਬੱਡੀ ਟੂਰਨਾਮੈਂਟ ਦੌਰਾਨ ਲੜਕਿਆਂ ਦੇ 3 ਮੈਚ ਕਰਵਾਏ ਗਏ। ਕਬੱਡੀ ਫਾਈਨਲ ਮੁਕਾਬਲੇ ਚ ਮੀਰੀ ਪੀਰੀ ਕਲੱਬ ਜੰਡਾਵਾਲਾ ਦੀ ਟੀਮ, ਡੀ.ਏ.ਵੀ ਮਾਲਵਾ ਕਾਲਜ ਬਠਿੰਡਾ ਦੀ ਟੀਮ ਨੂੰ ਹਰਾ ਜੇਤੂ ਰਹੀ। ਇਸੇ ਤਰ੍ਹਾਂ ਲੜਕੀਆਂ ਦੇ ਹੋਏ ਦਿਲਚਸਪ ਕਬੱਡੀ ਮੁਕਾਬਲੇ ਵਿੱਚ ਵੀ ਮੀਰੀ ਪੀਰੀ ਕਲੱਬ ਜੰਡਾਵਾਲਾ ਦੀਆਂ ਖਿਡਾਰਨਾਂ ਨੇ ਬਾਬਾ ਕਾਲੂ ਨਾਥ ਕਲੱਬ ਨਥਾਣਾ ਦੀ ਟੀਮ ਨੂੰ ਹਰਾ ਕੇ ਮੈਚ ਜਿੱਤਿਆ।

 

ਇਸ ਦੌਰਾਨ ਪਹਿਲਵਾਨਾਂ ਦੇ ਕੁਸ਼ਤੀ ਮੁਕਾਬਲੇ ਵੀ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਹੇ, ਜਿੰਨ੍ਹਾਂ ਚ ਪਹਿਲਵਾਨ ਨਾਜਵੀਰ ਸਿੰਘ ਫ਼ਰੀਦਕੋਟ ਨੇ ਰਮਨ ਅਬੋਹਰ, ਅਕਾਸ਼ ਅਬੋਹਰ ਨੇ ਮਨਜੀਤ ਫ਼ਰੀਦਕੋਟ, ਅਰਪਨ ਸ਼੍ਰੀ ਮੁਕਤਸਰ ਸਾਹਿਬ ਨੇ ਸਾਹਿਲ ਅਬੋਹਰ, ਮਨਜੀਤ ਫ਼ਰੀਦਕੋਟ ਨੇ ਗੁਰਪਾਲ ਤਰਨਤਾਰਨ ਅਤੇ ਸ਼ਕੀਨ ਭਗਤਾ ਨੇ ਅਕਾਸ਼ਦੀਪ ਘੁੱਦਾ ਨੂੰ ਹਰਾਇਆ। ਮੈਚਾਂ ਦੀ ਕੁਮੈਂਟਰੀ ਨਵਦੀਪ ਦਬੜੀਖਾਨਾ ਅਤੇ ਦੀਪੂ ਅਮਰਗੜ੍ਹ ਵੱਲੋਂ ਕੀਤੀ ਗਈ।

 

ਇਸ ਮੌਕੇ ਪਹੁੰਚੀਆਂ ਸ਼ਖਸੀਅਤਾਂ, ਜੇਤੂ ਖਿਡਾਰੀਆਂ ਤੇ ਕੋਚ ਸਹਿਬਾਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ।

 

ਸਮਾਗਮ ਦੌਰਾਨ ਪ੍ਰਸਿੱਧ ਗਾਇਕ ਜਸਵੀਰ ਜੱਸੀ ਵੱਲੋਂ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜ਼ਨ ਕੀਤਾ ਗਿਆ।

 

ਇਸ ਸਮਾਗਮ ਨੂੰ ਨੇਪਰੇ ਚੜ੍ਹਾਉਣ ਵਿੱਚ ਐਸ.ਪੀ.ਐਚ ਸ਼੍ਰੀ ਗੁਰਬਿੰਦਰ ਸਿੰਘ ਸੰਘਾ ਦਾ ਵਿਸ਼ੇਸ਼ ਯੋਗਦਾਨ ਤੇ ਮੀਰੀ ਪੀਰੀ ਕਲੱਬ ਜੰਡਾਵਾਲਾ ਦੇ ਪ੍ਰਧਾਨ ਤੇ ਪਿੰਡ ਦੇ ਸਰਪੰਚ ਸ਼੍ਰੀ ਜਗਸੀਰ ਸੀਰਾ, ਕਬੱਡੀ ਕੋਚ ਮਦਨ ਲਾਲ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।

 

ਇਸ ਮੌਕੇ ਏ.ਆਈ.ਜੀ ਇਟੈਲੀਜੈਂਸ ਸ਼੍ਰੀ ਸੁਰਿੰਦਰਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਪੂਨਮ ਸਿੰਘ, ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ਼੍ਰੀਮਤੀ ਇਨਾਯਤ, ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਫੂਲ ਸ਼੍ਰੀ ਪੰਕਜ ਬਾਂਸਲ, ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਪਰਮਿੰਦਰ ਸਿੰਘ ਤੋਂ ਇਲਾਵਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਆਦਿ ਹਾਜ਼ਰ ਸਨ।