ਜ਼ਿਲ੍ਹੇ ਦੇ 21 ਸੇਵਾ ਕੇਂਦਰਾਂ ਤੋਂ ਨਾਗਰਿਕਾਂ ਨੂੰ 425 ਵੱਖ-ਵੱਖ ਸੇਵਾਵਾਂ ਕਰਵਾਈਆਂ ਜਾ ਰਹੀਆਂ ਮੁਹੱਈਆ-ਡਿਪਟੀ ਕਮਿਸ਼ਨਰ

10 ਸਾਲਾਂ ਦੇ ਵਿਚ ਇਕ ਵਾਰ ਆਧਾਰ ਕਾਰਡ ਨੂੰ ਅਪਡੇਟ ਕਰਵਾਉਣਾ ਜਰੂਰੀ
ਹਫਤੇ ਦੇ ਸਾਰੇ ਦਿਨ ਖੁੱਲੇ ਰਹਿੰਦੇ ਹਨ ਸੇਵਾ ਕੇਂਦਰ
ਫਾਜ਼ਿਲਕਾ 10 ਫਰਵਰੀ
ਸਰਕਾਰ ਵੱਲੋਂ ਨਾਗਰਿਕਾਂ ਨੂੰ ਪਾਰਦਰਸ਼ੀ, ਸਮਾਂਬੱਧ ਅਤੇ ਸੁਖਾਵੇਂ ਮਾਹੌਲ ਵਿਚ 425 ਤਰ੍ਹਾਂ ਦੀਆਂ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਅੰਦਰ 21 ਸੇਵਾ ਕੇਂਦਰ ਚੱਲ ਰਹੇ ਹਨ ਜੋ ਕਿ ਆਮ ਲੋਕਾਂ ਲਈ ਕਾਫੀ ਕਾਰਗਰ ਸਿੱਧ ਹੋ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ ਨੇ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਗਰਿਕਾਂ ਲਈ ਸੇਵਾ ਕੇਂਦਰਾਂ ਵਿੱਚ ਅਧਾਰ ਕਾਰਡ ਦੇ ਪਰੂਫ ਆਫ਼ ਐਡੰਟਿਟੀ ਅਤੇ ਪਰੂਫ ਆਫ਼ ਐਡਰੈੱਸ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਹਦਾਇਤ ਅਨੁਸਾਰ 10 ਸਾਲਾਂ ਦੇ ਵਿਚ ਇਕ ਵਾਰ ਅਧਾਰ ਕਾਰਡ ਦੇ ਪਰੂਫ ਆਫ਼ ਐਡੰਟਿਟੀ ਅਤੇ ਪਰੂਫ ਆਫ਼ ਐਡਰੈੱਸ ਅਪਡੇਟ ਕਰਨਾ ਜਰੂਰੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਸ੍ਰ. ਗਗਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਹੁਣ ਫਾਜਿਲਕਾ ਜ਼ਿਲ੍ਹਾ ਵਾਸੀ ਸੇਵਾ ਕੇਂਦਰਾਂ ਵਿੱਚ ਆਪਣੇ ਆਧਾਰ ਕਾਰਡ ਦੀ ਪਰੂਫ ਆਫ਼ ਐਡੰਟਿਟੀ ਅਤੇ ਪਰੂਫ ਆਫ਼ ਐਡਰੈੱਸ ਦੀ ਅਪਡੇਸ਼ਨ ਕਰਵਾ ਸਕਦੇ ਹਨ ਅਤੇ ਇਸ ਸੇਵਾ ਲਈ ਉਨ੍ਹਾਂ ਨੂੰ ਸੇਵਾ ਕੇਂਦਰਾਂ ਕੇਵਲ 50 ਰੁਪਏ ਫੀਸ ਅਦਾ ਕਰਨੀ ਪਵੇਗੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 21 ਸੇਵਾ ਕੇਂਦਰ ਕੰਮ ਕਰ ਰਹੇ ਹਨ, ਜਿਨ੍ਹਾਂ ਵਿਚੋਂ 20 ਸੇਵਾ ਕੇਂਦਰਾਂ ਵਿੱਚ ਅਧਾਰ ਕਾਰਡ ਬਣਾਉਣ ਅਤੇ ਅਪਡੇਟ ਕਰਨ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 20 ਸੇਵਾ ਕੇਂਦਰਾਂ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ, ਦਫਤਰ ਨਗਰ ਕੌਂਸਲ ਫਾਜ਼ਿਲਕਾ, ਅਜੀਮਗੜ੍ਹ (ਅਬੋਹਰ), ਬੱਲੂਆਣਾ, ਚੱਕ ਖੇੜੇ ਵਾਲਾ, ਚੱਕ ਸੁਹੇਲੇ ਵਾਲਾ, ਫਾਜ਼ਿਲਕਾ-ਮਲੋਟ ਰੋਡ (ਅਰਨੀਵਾਲਾ), ਘੱਲੂ, ਘੁਬਾਇਆ, ਕੇਰੀਆਂ, ਲਾਧੂਕਾ, ਮੰਡੀ ਅਮੀਨ ਗੰਜ਼, ਦਫਤਰ ਮਾਰਕੀਟ ਕਮੇਟੀ ਜਲਾਲਾਬਾਦ, ਤਹਿਸੀਲ ਕੰਪਲੈਕਸ ਜਲਾਲਾਬਾਦ, ਪੰਜਕੋਸੀ, ਸੱਪਾਂ ਵਾਲੀ, ਸੀਤੋ ਗੁਨੋ, ਤਹਿਸੀਲ ਕੰਪਲੈਕਸ ਅਬੋਹਰ, ਦਾਣਾ ਮੰਡੀ ਅਬੋਹਰ ਅਤੇ ਵਹਾਬ ਵਾਲਾ ਦੇ ਸੇਵਾ ਕੇਂਦਰ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਹਫਤੇ ਦੇ ਸਾਰੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੇਵਾ ਕੇਂਦਰ ਖੁੱਲ੍ਹੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਦਿਨ ਸ਼ਨੀਵਾਰ ਤੇ ਐਤਵਾਰ ਨੂੰ 50 ਫੀਸਦੀ ਸਟਾਫ ਨਾਲ ਸੇਵਾ ਕੇਂਦਰ ਖੁਲ੍ਹੱਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੇਵਾ ਕੇਂਦਰਾਂ ਵਿਖੇ ਪਹੁੰਚ ਕੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਲਾਹਾ ਹਾਸਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਨਾਗਰਿਕ https://qrcodes.pro/ve4hfy ਇਸ ਲਿੰਕ *ਤੇ ਜਾ ਕੇ ਵੱਖ-ਵੱਖ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ।