ਕਿਹਾ, ਬ੍ਰਿਧ ਆਸ਼ਰਮਾਂ ਚ ਮੈਡੀਕਲ ਕੈਂਪ ਲਗਾ ਕੇ ਕੀਤਾ ਜਾਵੇ ਚੈੱਕਅਪ
ਬਠਿੰਡਾ, 20 ਦਸੰਬਰ (ਲਖਵਿੰਦਰ ਸਿੰਘ ਗੰਗਾ)
ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਮਾਤਾ-ਪਿਤਾ ਤੇ ਬਜ਼ੁਰਗਾਂ ਨਾਗਰਿਕਾਂ ਦੀ ਦੇਖਭਾਲ ਅਤੇ ਭਲਾਈ ਸਬੰਧੀ ਕੀਤੀ ਤਿਮਾਹੀ ਮੀਟਿੰਗ ਦੌਰਾਨ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਥਾਣਿਆਂ ਵਿੱਚ ਸੀਨੀਅਰ ਸਿਟੀਜਨ ਬਜ਼ੁਰਗ ਨਾਗਰਿਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਸੁਣਨਾ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਭਾਰਤੀ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਬ੍ਰਿਧ ਆਸ਼ਰਮਾਂ ਵਿੱਚ ਸਮੇਂ-ਸਮੇਂ ਤੇ ਮੈਡੀਕਲ ਕੈਂਪ ਲਗਾ ਕੇ ਬਜ਼ੁਰਗਾਂ ਦਾ ਸਿਹਤ ਚੈੱਕਅਪ ਕਰਨਾ ਲਾਜ਼ਮੀ ਬਣਾਇਆ ਜਾਵੇ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੂੰ ਕਿਹਾ ਕਿ ਬ੍ਰਿਧ ਆਸ਼ਰਮਾਂ ਵਿੱਚ ਦੌਰਾ ਕਰਕੇ ਬਜ਼ੁਰਗਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਸੁਨਣਾ ਯਕੀਨੀ ਬਣਾਇਆ ਜਾਵੇ।
ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪਰਿਵਾਰ ਤੋਂ ਵੱਖਰੇ ਤੇ ਇਕੱਲੇ ਰਹਿੰਦੇ ਸੀਨੀਅਰ ਸਿਟੀਜਨ ਬਜ਼ੁਰਗ ਨਾਗਰਿਕਾਂ ਦਾ ਹਾਲ-ਚਾਲ ਪੁੱਛਣਾ ਤੇ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ ਤੇ ਰਿਪੋਰਟ ਹਰ ਮਹੀਨੇ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਖੇ ਜਮ੍ਹਾਂ ਕਰਵਾਈ ਜਾਵੇ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਸਰਕਾਰੀ ਦਫ਼ਤਰਾਂ ਆਦਿ ਚ ਬਜ਼ੁਰਗਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਅਤੇ ਬਣਦਾ ਮਾਣ-ਸਤਿਕਾਰ ਦੇਣਾ ਯਕੀਨੀ ਬਣਾਇਆ ਜਾਵੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਮਾਤਾ-ਪਿਤਾ ਅਤੇ ਬਜ਼ੁਰਗ ਨਾਗਰਿਕਾਂ ਅਤੇ ਸੀਨੀਅਰ ਸਿਟੀਜਨਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਸਰਕਾਰ ਵਲੋਂ ਸਿਨੀਅਰ ਸਿਟੀਜਨ ਹੈਲਪ ਲਾਇਨ ਨੰਬਰ 0172-2800000, 0172-6160100 ਜਾਰੀ ਕੀਤਾ ਗਿਆ ਹੈ। ਇਸ ਨੰਬਰ ਤੇ ਸੀਨੀਅਰ ਸਿਟੀਜਨ 24 ਘੰਟੇ ਬਜ਼ੁਰਗ ਆਪਣੀ ਸਮੱਸਿਆਵਾਂ ਦੱਸ ਸਕਦੇ ਹਨ।
ਇਸ ਦੌਰਾਨ ਸੀਨੀਅਰ ਸਿਟੀਜਨਾਂ ਵਲੋਂ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਇਹ ਵੀ ਲਿਆਂਦਾ ਗਿਆ ਕਿ ਸਥਾਨਕ ਦਾਦੀ-ਪੋਤੀ ਪਾਰਕ ਚ ਢੁੱਕਵੀਂ ਥਾਂ ਦਾ ਪ੍ਰਬੰਧ ਕੀਤਾ ਜਾਵੇ ਜਿੱਥੇ ਬੈਠ ਕੇ ਉਹ ਆਪਣੀਆਂ ਗੱਲਾਂ-ਬਾਤਾਂ ਅਤੇ ਸਮੱਸਿਆਵਾਂ ਨੂੰ ਸਾਂਝਾ ਕਰ ਸਕਣ। ਜਿਸ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਉਨ੍ਹਾਂ ਦੀ ਇਸ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇਗਾ।
ਇਸ ਮੌਕੇ ਸਿਖਲਾਈ ਅਧੀਨ ਆਈਏਐਸ ਅਧਿਕਾਰੀ ਮੈਡਮ ਮਾਨਸੀ, ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਸ਼੍ਰੀ ਓਮ ਪ੍ਰਕਾਸ਼, ਸਹਾਇਕ ਕਮਿਸ਼ਨਰ ਜਨਰਲ ਸ. ਸਾਰੰਗਪ੍ਰੀਤ ਸਿੰਘ ਔਜਲਾ, ਡੀਐਸਪੀ ਸ. ਗੁਰਦੀਪ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਵਰਿੰਦਰ ਸਿੰਘ ਬੈਂਸ (ਵਾਧੂ ਚਾਰਜ ਬਠਿੰਡਾ), ਐਡਵੋਕੇਟ ਸ਼੍ਰੀ ਸਾਜਨ ਤੋਂ ਇਲਾਵਾ ਹੋਰ ਸੀਨੀਅਰ ਸਿਟੀਜਨ ਆਦਿ ਹਾਜ਼ਰ ਸਨ।