ਬਠਿੰਡਾ, 23 ਮਈ (ਲਖਵਿੰਦਰ ਸਿੰਘ ਗੰਗਾ)
ਪੰਜਾਬ ਵਿੱਚ ਮੁੱਢ ਤੋਂ ਹੀ ਕਿਸਾਨਾਂ ਵਲੋਂ ਵੱਡੇ ਪੱਧਰ ਤੇ ਰਵਾਇਤੀ ਢੰਗ ਨਾਲ ਕੱਦੂ ਕਰਕੇ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ, ਜਿਸ ਦੌਰਾਨ ਪਾਣੀ ਦੀ ਬੇਹੱਦ ਵਰਤੋਂ ਹੋਣ ਕਾਰਨ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਨਿਰੰਤਰ ਗਿਰਾਵਟ ਆ ਰਹੀ ਹੈ, ਜੋ ਭਵਿੱਖ ਲਈ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ। ਇਸ ਦੇ ਮੱਦੇਨਜ਼ਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਪਾਖਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਕਿਸਾਨ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ।
ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਡਾ ਜਗਦੀਸ਼ ਸਿੰਘ ਨੇ ਦੱਸਿਆ ਕਿ ਇਸੇ ਲੜੀ ਤਹਿਤ ਪਿੰਡ ਕੋਟਸ਼ਮੀਰ ਵਿਖੇ ਵੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਦੌਰਾਨ ਖੇਤੀਬਾੜੀ ਵਿਕਾਸ ਅਫਸਰ ਡਾ. ਜਗਪਾਲ ਸਿੰਘ ਨੇ ਅੱਗੇ ਦੱਸਿਆ ਕਿ ਰਵਾਇਤੀ ਝੋਨੇ ਦੇ ਮੁਕਾਬਲੇ ਝੋਨੇ ਦੀ ਸਿੱਧੀ ਬਿਜਾਈ ਘੱਟ ਸਮੇਂ, ਘੱਟ ਖਰਚੇ ਤੇ ਘੱਟ ਊਰਜਾ ਨਾਲ ਕੀਤੀ ਜਾ ਸਕਦੀ ਹੈ ਅਤੇ ਝਾੜ ਵੀ ਰਵਾਇਤੀ ਝੋਨੇ ਦੇ ਬਰਾਬਰ ਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਪਾਣੀ ਦੀ 10-20 ਪ੍ਰਤੀਸ਼ਤ ਤੱਕ ਬੱਚਤ ਕੀਤੀ ਜਾ ਸਕਦੀ ਹੈ ਪਰ ਝੋਨੇ ਦੀ ਸਿੱਧੀ ਬਿਜਾਈ ਹਮੇਸ਼ਾ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਕੀਤੀ ਜਾਵੇ ਕਿਉਂਕਿ ਹਲਕੀਆਂ ਜਾਂ ਰੇਤਲੀਆਂ ਜ਼ਮੀਨਾਂ ਵਿੱਚ ਲੋਹੇ ਤੱਤ ਦੀ ਘਾਟ ਆ ਜਾਂਦੀ ਹੈ । ਖੇਤ ਦੀ ਤਿਆਰੀ ਦੇ ਸਬੰਧ ਵਿੱਚ ਉਨ੍ਹਾਂ ਦੱਸਿਆ ਕਿ ਖੇਤ ਦੀ ਦੂਹਰੀ ਰੌਣੀ ਕਰਨੀ ਚਾਹੀਦੀ ਹੈ, ਪਹਿਲੀ ਰੌਣੀ ਤੋਂ ਬਾਅਦ ਉੱਗੇ ਨਦੀਨਾਂ ਨੂੰ ਵਾਹ ਕੇ ਖ਼ਤਮ ਕਰ ਦਿਓ ਅਤੇ ਖੇਤ ਨੂੰ ਲੇਜਰ ਕਰਾਹਾ ਲਗਾ ਕੇ ਪੱਧਰਾ ਕਰੋ ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਖੇਤ ਵਿੱਚ ਵੱਟਾਂ ਪਾ ਕੇ ਦੂਜੀ ਰੋਣੀ ਕਰ ਦੇਣੀ ਚਾਹੀਦੀ ਹੈ । ਥੋੜੇ ਦਿਨਾਂ ਬਾਅਦ ਤਰ ਵੱਤਰ ਆਉਣ ਤੇ ਖੇਤ ਨੂੰ ਹਲਕਾ ਵਾਹ ਕੇ ਦੋ ਵਾਰ ਸੁਹਾਗਾ ਫੇਰ ਕੇ ਅੱਠ ਕਿਲੋ ਬੀਜ ਪ੍ਰਤੀ ਏਕੜ ਵਰਤ ਕੇ ਸਵਾ ਡੇਢ ਇੰਚ ਡੂੰਆਈ ਉੱਤੇ ਬਿਜਾਈ ਕਰ ਦੇਣੀ ਚਾਹੀਦੀ ਹੈ । ਨਦੀਨਾਂ ਦੀ ਰੋਕਥਾਮ ਲਈ ਇੱਕ ਲੀਟਰ ਪੈਂਡੀਮੈਥਾਲਿਨ 30 ਈ.ਸੀ ਦਵਾਈ 200 ਲੀਟਰ ਪਾਣੀ ਵਿੱਚ ਮਿਲਾ ਕੇ ਬਿਜਾਈ ਦੇ ਤੁਰੰਤ ਬਾਅਦ ਕਰ ਦਿੱਤੀ ਜਾਵੇ । ਉਨ੍ਹਾਂ ਨੇ ਕਿਸਾਨਾਂ ਨੂੰ ਖੇਤ ਦੀ ਤਿਆਰੀ, ਬਿਜਾਈ ਅਤੇ ਨਦੀਨ ਨਾਸ਼ਕ ਸਪਰੇਅ ਸ਼ਾਮ ਜਾਂ ਸਵੇਰੇ ਵੇਲੇ ਕਰਨ ਦਾ ਸੁਝਾਅ ਦਿੱਤਾ। ਇਸਦੇ ਨਾਲ ਹੀ ਉਨ੍ਹਾਂ ਵਲੋਂ ਸਾਉਣੀ ਦੀਆਂ ਫ਼ਸਲਾਂ ਨਰਮਾ, ਮੂੰਗੀ ਅਤੇ ਮੱਕੀ ਦੀ ਫਸਲ ਸਬੰਧੀ ਤਕਨੀਕੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ।