You are currently viewing ਤਰੁੱਟੀਆਂ ਦੂਰ ਕਰਕੇ ਜਲਦ ਨੇਪਰੇ ਚਾੜ੍ਹੇ ਜਾਣ ਵਿਕਾਸ ਕਾਰਜ : ਡਿਪਟੀ ਕਮਿਸ਼ਨਰ

ਤਰੁੱਟੀਆਂ ਦੂਰ ਕਰਕੇ ਜਲਦ ਨੇਪਰੇ ਚਾੜ੍ਹੇ ਜਾਣ ਵਿਕਾਸ ਕਾਰਜ : ਡਿਪਟੀ ਕਮਿਸ਼ਨਰ

*ਪ੍ਰਗਤੀ ਅਧੀਨ ਤੇ ਅਧੂਰੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

*ਵਿਕਾਸ ਕਾਰਜਾਂ ਸਬੰਧੀ ਕੀਤੀ ਸਮੀਖਿਆ ਮੀਟਿੰਗ

 

ਬਠਿੰਡਾ, 18 ਮਈ (ਲਖਵਿੰਦਰ ਸਿੰਘ ਗੰਗਾ)

 

ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਜ਼ਿਲ੍ਹੇ ਅੰਦਰ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਸਬੰਧੀ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਐਨ.ਐਚ.-7 ਤੋਂ ਆਈ.ਟੀ.ਆਈ ਚੌਂਕ ਤੱਕ ਰਿੰਗ ਰੋਡ ਤੋਂ ਇਲਾਵਾ ਬਾਦਲ-ਲੰਬੀ-ਖਿਓਵਾਲੀ ਰੋਡ, ਮੁਲਤਾਨੀਆਂ ਰੋਡ ਤੇ ਜ਼ਿਲ੍ਹੇ ਅੰਦਰ ਹੋਰ ਨਵੀਂਆਂ ਬਣ ਰਹੀਆਂ ਤੇ ਮੁਰੰਮਤ ਅਧੀਨ ਸੜ੍ਹਕਾਂ ਤੋਂ ਇਲਾਵਾ ਸੀਵਰੇਜ, ਪੀਣ ਵਾਲੇ ਪਾਣੀ, ਉਸਾਰੀ ਅਧੀਨ ਇਮਾਰਤਾਂ ਆਦਿ ਦੇ ਚੱਲ ਰਹੇ ਵਿਕਾਸ ਕਾਰਜਾਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਪ੍ਰਗਤੀ ਅਧੀਨ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ ਅਤੇ ਕਿਸੇ ਕਿਸਮ ਦੀਆਂ ਤਰੁੱਟੀਆਂ ਕਾਰਣ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਤੈਅ ਸਮੇਂ ਅਨੁਸਾਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।

ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਪੀਣ ਵਾਲੇ ਪਾਣੀ ਦੀ ਬਾਰੀਕੀ ਨਾਲ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਪੀਣ ਵਾਲੇ ਪਾਣੀ ਦੀ ਸਪਲਾਈ ਲਈ 280 ਜਲ ਘਰ ਸਥਾਪਿਤ ਕੀਤੇ ਗਏ ਹਨ। ਜਿਨ੍ਹਾਂ ਵਿੱਚੋਂ 240 ਜਲਘਰਾਂ ਦੀ ਸਪਲਾਈ ਨਹਿਰੀ ਪਾਣੀ ਅਤੇ 40 ਜਲਘਰਾਂ ਦੀ ਸਪਲਾਈ ਟਿਊਬਵੈਲ ਸਿਸਟਮ ਰਾਹੀਂ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਪੀਣ ਵਾਲੇ ਪਾਣੀ ਦੀ ਮਹੱਤਤਾ ਨੂੰ ਮੁੱਖ ਰਖਦਿਆਂ ਪਾਣੀ ਦੀ ਬੱਚਤ ਅਤੇ ਵੈਸਟਿੰਗ ਹੁੰਦੇ ਪਾਣੀ ਦੇ ਮੱਦੇਨਜ਼ਰ ਅਧਿਕਾਰੀਆਂ ਨੂੰ ਖਾਸ ਹਦਾਇਤ ਕੀਤੀ ਕਿ ਘਰ-ਘਰ ਤੱਕ 24 ਘੰਟੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਜ਼ਿਲ੍ਹੇ ਦੇ ਕਿਸੇ ਇੱਕ ਅਜਿਹੇ ਪਿੰਡ ਦੀ ਟਰਾਇਲ ਵਜੋਂ ਚੋਣ ਕੀਤੀ ਜਾਵੇ, ਤਾਂ ਜੋ ਇਸ ਸਕੀਮ ਦੇ ਸਫ਼ਲਤਾ ਪੂਰਵਕ ਨਤੀਜੇ ਮਿਲਣ ਉਪਰੰਤ ਇਸ ਤਰ੍ਹਾਂ ਦੀ ਸਕੀਮ ਨੂੰ ਹੋਰਨਾਂ ਪਿੰਡਾਂ ਵਿਚ ਵੀ ਲਾਗੂ ਕੀਤਾ ਜਾ ਸਕੇ। ਇਸ ਦੌਰਾਨ ਵੱਖ-ਵੱਖ ਕਾਰਜਾਂ ਤੋਂ ਇਲਾਵਾ ਵਰਲਡ ਬੈਂਕ ਅਤੇ ਨਬਾਰਡ ਤਹਿਤ ਕਰਵਾਏ ਜਾ ਰਹੇ ਵਿਕਾਸ ਦੀ ਵੀ ਬਾਰੀਕੀ ਨਾਲ ਸਮੀਖਿਆ ਕੀਤੀ ਗਈ।

ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ ਸ਼੍ਰੀ ਅਕਾਸ਼ ਬਾਂਸਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਸ਼੍ਰੀ ਇੰਦਰਜੀਤ ਸਿੰਘ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਵਿਭਾਗ ਸ਼੍ਰੀ ਅਮਿਤ ਕੁਮਾਰ, ਕਾਰਜਕਾਰੀ ਇੰਜੀਨੀਅਰ ਨਗਰ ਨਿਗਮ ਸ਼੍ਰੀ ਗੁਰਪ੍ਰੀਤ ਸਿੰਘ, ਉਪ ਮੰਡਲ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਸ਼੍ਰੀ ਅਮੁਲਿਆ ਗਰਗ ਤੋਂ ਇਲਾਵਾ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।