ਵੋਟਰ ਸੂਚੀ ਦੀ ਸਰਸਰੀ ਸੁਧਾਈ 1 ਨਵੰਬਰ ਤੋਂ : ਡਿਪਟੀ ਕਮਿਸ਼ਨਰ
ਸਰਸਰੀ ਸੁਧਾਈ ਸਬੰਧੀ 6 ਤੇ 7 ਨਵੰਬਰ ਅਤੇ 20 ਤੇ 21 ਨਵੰਬਰ ਨੂੰ ਲਗਾਏ ਜਾਣਗੇ ਕੈਂਪ
ਬਠਿੰਡਾ ਮਿਤੀ 1 ਨਵੰਬਰ (ਲਖਵਿੰਦਰ ਸਿੰਘ ਗੰਗਾ)
ਮਾਨਯੋਗ ਜਿਲਾ ਚੋਣ ਅਫ਼ਸਰ – ਕਮ-ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਦੇ ਆਦੇਸ਼ ਅਨੁਸਾਰ ਅਤੇ ਸ਼੍ਰੀ ਕੰਵਰਜੀਤ ਸਿੰਘ, ਪੀ.ਸੀ.ਐਸ. ਦੀ ਪ੍ਰਧਾਨਗੀ ਹੇਠ ਨੈਸ਼ਨਲ/ਸਟੇਟ ਪੱਧਰ ਦੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਹੋਈ।
ਇਸ ਮੌਕੇ ਉਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਪ੍ਰਾਪਤ ਪ੍ਰੋਗਰਾਮ ਅਨੁਸਾਰ ਵੋਟਰ ਸੂਚੀ ਦੀ ਸਰਸਰੀ ਸੁਧਾਈ ਯੋਗਤਾ 1 ਨਵੰਬਰ 2022 ਨਾਲ ਸਬੰਧਤ ਫੋਟੋ ਵੋਟਰ ਸੂਚੀ ਦੀ ਸੁਧਾਈ ਦਾ ਕੰਮ 1 ਨਵੰਬਰ 2021 ਤੋਂ ਸ਼ੁਰੂ ਹੋ ਗਿਆ ਹੈ। ਯੋਗਤਾ 1 ਨਵੰਬਰ 2022 ਦੇ ਆਧਾਰ ਤੇ ਸਪੈਸ਼ਲ ਸਰਸਰੀ ਸੁਧਾਈ ਦੋਰਾਨ ਦਾਅਵੇ/ਇਤਰਾਜ਼ 1 ਨਵੰਬਰ 2021 ਤੋਂ 30 ਨਵੰਬਰ 2021 ਤੱਕ ਪ੍ਰਾਪਤ ਕੀਤੇ ਜਾਣਗੇ। ਇਸ ਮੁਹਿੰਮ ਅਧੀਨ ਜ਼ਿਲੇ ਵਿੱਚ ਪੈਂਦੇ ਵਿਧਾਨ ਸਭਾ ਚੋਣ ਹਲਕਾ 90-ਰਾਮਪੁਰਾ ਫੂਲ, 91-ਭੁੱਚੋ ਮੰਡੀ (ਅ.ਜ.), 92-ਬਠਿੰਡਾ ਸ਼ਹਿਰੀ, 93-ਬਠਿੰਡਾ ਦਿਹਾਤੀ (ਅ.ਜ.), 94-ਤਲਵੰਡੀ ਸਾਬੋ ਅਤੇ 95-ਮੋੜ ਵਿੱਚ ਆਮ ਜਨਤਾ ਪਾਸੋਂ ਦਾਅਵੇ/ਇਤਰਾਜ ਪ੍ਰਾਪਤ ਕੀਤੇ ਜਾਣਗੇ। ਇਸ ਸਮੇਂ ਦੌਰਾਨ ਦਾਅਵੇ/ਇਤਰਾਜ ਭਾਰਤ ਚੋਣ ਕਮਿਸ਼ਨ ਦੇ ਪੋਰਟਲ https://voterportal.eci.gov.in,Nvsp.in ਅਤੇੇ Voter Helpline App ਰਾਹੀਂ ਆਨਲਾਈਨ ਭਰੇ ਜਾ ਸਕਦੇ ਹਨ। ਇਸ ਤੋਂ ਇਲਾਵਾ ਦਾਅਵੇ/ਇਤਰਾਜ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਦੇ ਦਫ਼ਤਰ ਵਿਖੇ ਜਾਂ ਜ਼ਿਲਾ ਚੋਣ ਦਫ਼ਤਰ, ਬਠਿੰਡਾ ਵਿਖੇ ਦਸਤੀ ਜਾਂ ਡਾਕ ਦੁਆਰਾ ਵੀ ਦਿੱਤੇ ਜਾ ਸਕਦੇ ਹਨ।
ਇਸ ਲਈ ਜੇਕਰ ਕੋਈ ਵਿਅਕਤੀ ਮਿਤੀ 1 ਨਵੰਬਰ 2022 ਨੂੰ 18 ਸਾਲ ਦੀ ਉਮਰ ਪੂਰੀ ਕਰਦਾ ਹੈ ਅਤੇ ਉਸਨੇ ਅਜੇ ਤੱਕ ਆਪਣੀ ਵੋਟ ਰਜਿਸਟਰਡ ਨਹੀਂ ਕਰਵਾਈ ਹੈ ਤਾਂ ਉਹ ਮਿਤੀ 01 ਨਵੰਬਰ 2021 ਤੋਂ 30 ਨਵੰਬਰ 2021 ਤੱਕ ਫਾਰਮ ਨੰਬਰ 06 ਵਿੱਚ ਵੋਟ ਬਣਾਉਣ ਲਈ ਬਿਨੈ ਪੱਤਰ ਦੇ ਸਕਦਾ ਹੈ। ਪ੍ਰਵਾਸੀ ਭਾਰਤੀ ਆਪਣੀ ਵੋਟ ਫਾਰਮ ਨੰ. 6ੳ ਰਾਹੀਂ ਦਰਜ ਕਰਵਾ ਸਕਦੇ ਹਨ। ਵੋਟਰ ਸੂਚੀ ਵਿੱਚ ਪਹਿਲਾਂ ਦਰਜ ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੋਟ ਵਿੱਚ ਦਰੁਸਤੀ ਕਰਵਾਉਣ ਲਈ ਫਾਰਮ ਨੰ: 8 ਅਤੇ ਉਸੇ ਚੋਣ ਹਲਕੇ ਦੇ ਵਿੱਚ ਹੀ ਰਿਹਾਇਸ਼ ਦੀ ਤਬਦੀਲੀ ਸਬੰਧੀ ਫਾਰਮ ਨੰ: 8ੳ ਵਿੱਚ ਪੇਸ਼ ਕੀਤੇ ਜਾ ਸਕਦੇ ਹਨ। ਇਸ ਮੁਹਿੰਮ ਅਧੀਨ ਬੂਥ ਲੈਵਲ ਅਫਸਰਾਂ ਵੱਲੋਂ ਰਜਿਸਟਰਾਰ ਜਨਮ ਅਤੇ ਮੌਤ ਦੇ ਸਟਾਫ ਨਾਲ ਤਾਲਮੇਲ ਕਰਕੇ ਮੌਤ ਹੋ ਚੁੱਕੇ ਵੋਟਰਾਂ ਦੀਆਂ ਵੋਟਾਂ ਕੱਟਣ ਲਈ ਲਿਸਟ ਵੀ ਤਿਆਰ ਕੀਤੀ ਜਾਵੇਗੀ। ਉਪ ਮੰਡਲ ਮੈਜਿਸਟਰੇਟ, ਬਠਿੰਡਾ-ਕਮ-ਸਹਾਇਕ ਕਮਿਸ਼ਨਰ (ਜ) ਵੱਲੋਂ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਸਮੂਹ ਰਾਜਨੀਤਿਕ ਪਾਰਟੀਆਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ। ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1950 ਤੇ ਦਫ਼ਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।
ਵੋਟਰ ਸੂਚੀ ਦੀ ਸਰਸਰੀ ਸੁਧਾਈ ਦੌਰਾਨ ਸਪੈਸ਼ਲ ਕੈਂਪ 6 ਨਵੰਬਰ 2021 (ਦਿਨ ਸ਼ਨਿੱਚਰਵਾਰ), 7 ਨਵੰਬਰ 2021 (ਦਿਨ ਐਤਵਾਰ), 20 ਨਵੰਬਰ 2021 (ਦਿਨ ਸ਼ੱਨਿਚਰਵਾਰ), 21 ਨਵੰਬਰ 2021 (ਦਿਨ ਐਤਵਾਰ) ਲਗਾਇਆ ਜਾਵੇਗਾ। ਇਸ ਦੌਰਾਨ ਬੂਥ ਲੈਵਲ ਅਫ਼ਸਰ ਆਪੋ ਆਪਣੇ ਪੋਲਿੰਗ ਬੂਥਾਂ ਤੇ ਸਵੇਰੇ 09.00 ਵਜੇ ਤੋਂ ਸ਼ਾਮ 05.00 ਵਜੇ ਤੱਕ ਬੈਠ ਕੇ ਦਾਅਵੇ/ਇਤਰਾਜ ਪ੍ਰਾਪਤ ਕਰਨਗੇ। ਆਮ ਜਨਤਾ ਨੂੰ ਅਪੀਲ ਹੈ ਕਿ ਉਹ ਉਕਤ ਦਿਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਤੋਂ ਇਲਾਵਾ ਸੇਵਾ ਕੇਂਦਰ, ਮਿੰਨੀ ਸਕੱਤਰੇਤ ਬਠਿੰਡਾ ਵਿਖੇ ਵੀ ਵੋਟਰ ਹੈਲਪਲਾਈਨ ਕਾਉਂਟਰ ਨੰ. 22 ਸਥਾਪਿਤ ਕੀਤਾ ਗਿਆ ਹੈ। ਮੀਟਿੰਗ ਵਿੱਚ ਰਾਜਨੀਤਿਕ ਪਾਰਟੀਆਂ ਜਿਵੇਂ ਇੰਡੀਅਨ ਨੈਸ਼ਨਲ ਕਾਂਗਰਸ, ਬਹੁਜਨ ਸਮਾਜ ਪਾਰਟੀ, ਭਾਰਤੀਯ ਕਮਿਉਨਿਸਟ ਪਾਰਟੀ (ਮਾਰਕਸਵਾਦੀ), ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਨੈਸਨਲ ਕਾਂਗਰਸ ਪਾਰਟੀ ਅਤੇ ਭਾਰਤੀਯ ਜਨਤਾ ਪਾਰਟੀ ਦੇ ਨੁਮਾਇੰਦਿਆਂ ਤੋਂ ਇਲਾਵਾ ਤਹਿਸੀਲਦਾਰ ਚੋਣਾਂ ਅਤੇ ਚੋਣ ਕਾਨੂੰਗੋ ਹਾਜ਼ਿਰ ਸਨ।