ਭਾਰਤੀ ਫ਼ੌਜ ਦੀ ਜਾਣਕਾਰੀ ਪਾਕਿਸਤਾਨ ਦੀ ਖੁਫੀਆ ਏਜੰਸੀ ਦੀ ਪੀਆਈਓ ਨੂੰ ਦੇਣ ਲਈ ਵਰਤੇ ਗਏ ਮੋਬਾਇਲ ਫੋਨ ਤੇ ਲੈਪਟਾਪ ਬਰਾਮਦ
ਬਠਿੰਡਾ, 18 ਸਤੰਬਰ (ਲਖਵਿੰਦਰ ਸਿੰਘ ਗੰਗਾ)
ਪੰਜਾਬ ਪੁਲਿਸ ਦੇ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਵੱਲੋਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ ਵੱਲੋਂ ਭਾਰਤ ਵਿਰੋਧ ਕੀਤੀਆਂ ਜਾ ਰਹੀਆਂ ਸਾਜ਼ਿਸਾਂ ਪ੍ਰਤੀ ਜਾਰੀ ਕੀਤੇ ਅਲੱਰਟ ਤੇ ਏ.ਡੀ.ਜੀ.ਪੀ., ਆਈ.ਐਸ ਪੰਜਾਬ ਸ੍ਰੀ ਆਰ.ਐਨ. ਢੋਕੇ ਵੱਲੋਂ ਇਸ ਸਬੰਧੀ ਜਾਰੀ ਹਦਾਇਤਾਂ ਮੁਤਾਬਿਕ ਕਾਉਂਟਰ ਇੰਟੈਲੀਜੈਂਸ ਬਠਿੰਡਾ ਵੱਲੋਂ ਏ.ਆਈ.ਜੀ ਕਾਊਂਟਰ ਇੰਟੈਲੀਜੈਂਸ ਸ੍ਰੀ ਦੇਸ ਰਾਜ ਦੀ ਨਿਗਰਾਨੀ ਹੇਠ ਕਾਊਂਟਰ ਇੰਟੈਲੀਜੈਂਸ ਦੀ ਵਿਸ਼ੇਸ਼ ਟੀਮ ਨੇ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਖੁਫੀਆ ਇਤਲਾਹ ਮਿਲਣ ਤੇ ਬੀਬੀ ਵਾਲਾ ਚੌਂਕ ਬਠਿੰਡਾ ਤੋਂ ਇਕ ਵਿਅਕਤੀ ਨੂੰ ਸੱਕ ਦੇ ਅਧਾਰ ਤੇ ਰਾਉਂਡਅੱਪ ਕੀਤਾ। ਜਿਸ ਨੇ ਪੁੱਛਣ ਤੇ ਆਪਣਾ ਨਾਮ ਗੁਰਵਿੰਦਰ ਸਿੰਘ ਪੁੱਤਰ ਸਿਮਰਜੀਤ ਸਿੰਘ ਵਾਸੀ ਚੰਡੀਗੜ ਪਲਾਟ, ਤਹਿਸੀਲ ਅਰਨੌਲੀ, ਜ਼ਿਲ੍ਹਾ ਕੈਥਲ, (ਹਰਿਆਣਾ) (ਹਾਲ ਅਬਾਦ ਵਾਸੀ ਮਕਾਨ ਨੰ: 112/6, ਐਮਈਐਸ ਕਲੋਨੀ ਆਰਮੀ ਕੈਂਟ ਬਠਿੰਡਾ) ਦੱਸਿਆ।
ਜਿਸ ਨੇ ਇਹ ਵੀ ਦੱਸਿਆ ਕਿ ਉਹ ਐਮਈਐਸ ਬਠਿੰਡਾ ਵਿੱਚ ਬਤੌਰ ਮਲਟੀ ਟਾਸਕਿੰਗ ਸਟਾਫ (ਐਮਟੀਐਸ) ਵਿੱਚ ਬਤੌਰ ਪੀਅਨ ਨੌਕਰੀ ਕਰਦਾ ਹੈ, ਜਿਸ ਨੂੰ ਸਵਾਲ ਜਵਾਬ ਕਰਨ ਤੇ ਇਹ ਸਾਹਮਣੇ ਆਇਆ ਕਿ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੀ ਕਰਮੀ ਪਾਕਿਸਤਾਨ ਇੰਟੈਲੀਜੈਂਸ ਅਪ੍ਰੇਟਿਵ (ਪੀ.ਆਈ.ਓ.), ਜਿਸ ਨੇ ਆਪਣਾ ਨਾਮ ਖੁਸ਼ਦੀਪ ਕੌਰ ਵਾਸੀ ਜੈਪੁਰ (ਰਾਜਸਥਾਨ) ਹਾਲ ਦਫਤਰ ਪੀ.ਸੀ.ਡੀ.ਏ. (ਪ੍ਰਿੰਸੀਪਲ ਕੰਟਰੋਲਰ ਆਫ਼ ਡੀਫੈਸ ਅਕਾਊਂਟਸ) ਚੰਡੀਗੜ੍ਹ ਵਿਖੇ ਨੌਕਰੀ ਕਰਦੀ ਦੱਸਿਆ, ਨੇ ਇਸ ਗੁਰਵਿੰਦਰ ਸਿੰਘ ਡੀਫੈਸ ਕਰਮਚਾਰੀ ਨੂੰ ਆਪਣੇ ਹਨੀ ਟ੍ਰੈਪ ਵਿੱਚ ਫਸਾ ਕੇ ਇਸ ਦੇ ਨਾਲ ਵਾਰਤਾਲਾਪ ਕਰਕੇ ਭਾਰਤੀ ਫੌਜ ਦੀਆਂ ਗੁਪਤ ਸੂਚਨਾਵਾਂ ਫੇਸਬੁੱਕ ਅਤੇ ਵੱਟਸਐਪ ਰਾਹੀਂ ਇਸ ਤੋਂ ਮੰਗਵਾਈਆਂ। ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਇਸ ਡੀਫੈਸ ਕਰਮਚਾਰੀ ਨੇ ਪੀ.ਆਈ.ਓ. ਨੂੰ ਵੈਸਟਰਨ ਸੀਐਮਡੀ ਮਿਊਚਲ ਪੋਸਟਿੰਗ ਗਰੁੱਪ ਅਤੇ ਐਮਈਐਸ ਇੰਨਫੋਰਮਿਸ਼ਨ ਅਪਡੇਟ ਗਰੁੱਪ ਵਿੱਚ ਵੀ ਸਾਮਿਲ ਕਰਵਾਇਆ ਹੈ, ਜੋ ਇਨ੍ਹਾਂ ਵੱਟਸਐਪ ਗਰੁੱਪਾਂ ਦੀ ਮੈਂਬਰ ਬਣ ਜਾਣ ਕਰਕੇ ਉਹ ਇਨ੍ਹਾਂ ਗਰੁੱਪਾ ਵਿੱਚ ਚੱਲ ਰਹੀ ਵਾਰਤਾਲਾਪ ਦੀ ਨਿਗਰਾਨੀ ਵੀ ਕਰ ਸਕਦੀ ਹੈ ਤੇ ਸੋਸਲ ਮੀਡੀਆ ਦੀ ਤਕਨੀਕ ਰਾਹੀਂ ਡੀਫੈਸ ਦੇ ਕਰਮਚਾਰੀਆਂ ਨੂੰ ਸੋਰਸ ਬਣਾ ਸਕਦੀ ਹੈ ਜਾਂ ਹਨੀ ਟ੍ਰੈਪ ਵਿੱਚ ਫਸਾ ਸਕਦੀ ਹੈ। ਇਸ ਗੁਰਵਿੰਦਰ ਸਿੰਘ ਵੱਲੋਂ ਉਕਤ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੀ ਏਜੰਟ ਨਾਲ ਵੀਡੀਓ ਅਤੇ ਆਡੀਓ ਕਾਲਿੰਗ ਕੀਤੀ ਗਈ ਅਤੇ ਆਰਮੀ ਦੀਆਂ ਯੂਨਿਟਾਂ ਤੇ ਆਪਣੇ ਦਫਤਰ ਦੇ ਖੁਫੀਆ ਕਾਗਜਾਤ ਵੱਟਸਐਪ ਰਾਹੀਂ ਉਸ ਨੂੰ ਭੇਜਦਾ ਰਿਹਾ ਅਤੇ ਫ਼ੌਜ ਦੀਆਂ ਹੋਰ ਖੁਫੀਆ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਸਾਂਝੀ ਕਰਦਾ ਰਿਹਾ ਹੈ।
ਏ.ਆਈ. ਜੀ. ਕਾਉਂਟਰ ਇੰਟੈਲੀਜੈਂਸ ਬਠਿੰਡਾ ਸ੍ਰੀ ਦੇਸ ਰਾਜ ਨੇ ਦੱਸਿਆ ਕੇ ਉਕਤ ਗੁਰਵਿੰਦਰ ਸਿੰਘ ਦੇ ਪਾਸੋਂ ਭਾਰਤੀ ਫ਼ੌਜ ਦੀਆਂ ਖੁਫੀਆ ਜਾਣਕਾਰੀ ਪਾਕਿਸਤਾਨ ਦੀ ਖੁਫੀਆ ਏਜੰਸੀ ਦੀ ਪੀਆਈਓ ਨੂੰ ਦੇਣ ਲਈ ਵਰਤੇ ਗਏ ਮੋਬਾਇਲ ਫੋਨ ਤੇ ਲੈਪਟਾਪ ਬਰਾਮਦ ਕੀਤਾ ਹੈ, ਜਿਸ ਵਿਚੋਂ ਮੌਜੂਦ ਡਾਟਾ ਦੀ ਤਹਿ ਤੱਕ ਪੜਤਾਲ ਕੀਤੀ ਜਾਵੇਗੀ। ਗੁਰਵਿੰਦਰ ਸਿੰਘ ਦੇ ਖਿਲਾਫ ਮੁਕੱਦਮਾਂ ਨੰ: 0089 ਮਿਤੀ 18-09-21 ਅ/ਧ 124-ਏ ਆਈ.ਪੀ.ਸੀ., ਅਤੇ 3, 4, 5 ਅਤੇ 09 ਔਫਿਸੀਅਲ ਸੀਕਰੇਟ ਐਕਟ 1923 ਥਾਣਾ ਕੈਂਟ ਬਠਿੰਡਾ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਵੱਲੋਂ ਸ਼ੇਅਰ ਕੀਤੀ ਸਾਰੀ ਜਾਣਕਾਰੀ ਦੀ ਮੁਕੱਮਲ ਪੜਤਾਲ ਕੀਤੀ ਜਾ ਸਕੇ ਅਤੇ ਜਿਸ ਦੀ ਤਫਤੀਸ ਜਾਰੀ ਹੈ।