ਕੋਰੋਨਾਵਾਇਰਸ ਦੇ ਗਰਮੀ ਆਉਣ ‘ਤੇ ਖ਼ਤਮ ਹੋਣ ਦੇ ਦਾਅਵਿਆਂ ਦੀ ਸੱਚਾਈ

ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਪਿਛੇ ਸਾਲ ਦਸੰਬਰ ਵਿੱਚ ਚੀਨ ਦੇ ਵੁਹਾਨ ਵਿੱਚ ਸਾਹਮਣੇ ਆਇਆ।ਉਸ ਤੋਂ ਬਾਅਦ ਇਹ ਵਾਇਰਸ ਹੌਲੀ-ਹੌਲੀ ਦੁਨੀਆ ਦੇ ਬਹੁਤੇ ਦੇਸਾਂ ਵਿੱਚ ਆਪਣੇ ਪੈਰ ਪਸਾਰ ਚੁੱਕਿਆ ਹੈ। ਇਸ ਨੂੰ ਲੈ ਕੇ ਦੁਨੀਆ ਭਰ ਵਿੱਚ ਸਰਕਾਰਾਂ ਆਪਣੇ ਨਾਗਰਿਕਾਂ ਲਈ ਫ਼ਿਕਰਮੰਦ ਹਨ।

ਪਰ ਕੋਰੋਨਾਵਾਇਰਸ ਨੂੰ ਲੈ ਕੇ ਅਫ਼ਵਾਹਾਂ ਦਾ ਬਜ਼ਾਰ ਵੀ ਗਰਮ ਹੈ ਜਿਸ ਕਰਕੇ ਲੋਕਾਂ ਦੇ ਮਨਾਂ ਵਿੱਚ ਬਹੁਤ ਸਵਾਲ ਉੱਠ ਰਹੇ ਹਨ।

ਕਈ ਦਾਵਿਆਂ ਵਿੱਚ ਗਰਮ ਪਾਣੀ-ਪੀਣ ਦੀ ਸਲਾਹ ਦਿੱਤਾ ਜਾ ਰਹੀ ਹੈ। ਇੱਥੋਂ ਤੱਕ ਕਿ ਗਰਮ ਪਾਣੀ ਨਾਲ ਨਹਾਉਣ ਦੀ ਸਲਾਹ ਦਿੱਤਾ ਜਾ ਰਹੀ ਹੈ।

ਬੀਤੇ ਕੁਝ ਦਿਨਾਂ ਵਿੱਚ ਸੋਸ਼ਲ ਮੀਡੀਆ ‘ਤੇ ਇਹੋ ਜਿਹੇ ਦਾਅਵਿਆਂ ਦਾ ਢੇਰ ਹੈ। ਇੱਕ ਪੋਸਟ ਜਿਸ ਨੂੰ ਹਜ਼ਾਰਾਂ ਦੇਸਾਂ ਵਿੱਚ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ, ਉਸ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਗਰਮ ਪਾਣੀ ਪੀਣ ਨਾਲ ਤੇ ਸੂਰਜ ਦੀ ਰੋਸ਼ਨੀ ਵਿੱਚ ਰਹਿਣ ਨਾਲ ਇਸ ਵਾਇਰਸ ਨੂੰ ਮਾਰਿਆ ਜਾ ਸਕਦਾ ਹੈ। ਇਸ ਦਾਅਵੇ ਵਿੱਚ ਆਇਸਕ੍ਰੀਮ ਨਾ ਖਾਣ ਦੀ ਵੀ ਸਲਾਹ ਦਿੱਤਾ ਗਈ ਹੈ।

ਇੰਨਾ ਹੀ ਨਹੀਂ, ਇਸ ਮੈਸੇਜ ਦੇ ਨਾਲ ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਇਹ ਸਾਰੀਆਂ ਗੱਲਾਂ ਯੂਨਿਸੈਫ਼ ਨੇ ਕਹੀਆਂ ਹਨ।

ਬੀਬੀਸੀ ਨੇ ਇਨ੍ਹਾਂ ਦਾਅਵਿਆਂ ਦੇ ਬਾਰੇ ਜਾਣਨ ਲਈ ਯੂਨਿਸੈਫ਼ ਦੇ ਲਈ ਕੰਮ ਕਰਨ ਵਾਲੀ ਸ਼ਾਰਲੇਟ ਗੋਨਿਰਜ਼ਕ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਇਨ੍ਹਾਂ ਸਾਰੇ ਦਾਅਵਿਆਂ ਨੂੰ ਨਕਾਰਦੇ ਹੋਏ ਝੂਠਾ ਕਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ, “ਹਾਲ ਹੀ ਵਿੱਚ ਇੱਕ ਮੈਸੇਜ ਯੂਨਿਸੈਫ਼ ਦੇ ਨਾਂ ਨਾਲ ਫੈਲਾਇਆ ਦਾ ਰਿਹਾ ਹੈ ਕਿ ਆਇਸਕ੍ਰੀਮ ਤੇ ਹੋਰ ਠੰਡੀਆਂ ਚੀਜ਼ਾਂ ਤੋਂ ਦੂਰ ਰਹਿਣ ਨਾਲ ਵਾਇਰਸ ਤੋਂ ਬਚਿਆ ਜਾ ਸਕਦਾ ਹੈ। ਇਹ ਪੂਰੀ ਤਰ੍ਹਾਂ ਝੂਠ ਹੈ।”

ਜਦੋਂ ਕੋਰੋਨਾਵਾਇਰਸ ਨਾਲ ਪੀੜਤ ਕੋਈ ਵਿਅਕਤੀ ਖੰਘਦਾ ਜਾਂ ਨਿੱਛ ਮਾਰਦਾ ਹੈ ਤਾਂ ਉਨ੍ਹਾਂ ਦੇ ਥੁੱਕ ਦੇ ਬਰੀਕ ਕਣ ਹਵਾ ਵਿੱਚ ਫੈਲ ਜਾਂਦੇ ਹਨ। ਇਨ੍ਹਾਂ ਕਣਾਂ ਕਰਕੇ ਕੋਰੋਨਾਵਾਇਰਸ ਫੈਲਦਾ ਹੈ।