Good News : PGI ਨੇ ਲੱਭੇ ਵਾਇਰਸ ਨੂੰ ਸਰੀਰ ‘ਚ ਫੈਲਣ ਤੋਂ ਰੋਕਣ ਵਾਲੇ ਤੱਤ

ਇਸ ਸਮੇਂ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਜੂਝ ਰਹੀ ਹੈ ਅਤੇ ਵਿਕਸਿਤ ਦੇਸ਼ਾਂ ’ਚ ਵੀ ਇਸ ਬੀਮਾਰੀ ਦਾ ਤੋੜ ਲੱਭਣ ਲਈ ਜੱਦੋ-ਜਹਿਦ ਕੀਤੀ ਜਾ ਰਹੀ ਹੈ, ਇਸੇ ਲੜੀ ਅਧੀਨ ਪੀਜੀਆਈ (PGI) ਚੰਡੀਗੜ੍ਹ ਦੇ ਡਾਕਟਰਾਂ ਨੇ ਇੱਕ ਸਫ਼ਲਤਾ ਹਾਸਲ ਕੀਤੀ ਹੈ। ਪੀਜੀਆਈ ਦੀ ਐਕਸਪੈਰੀਮੈਂਟਲ ਫ਼ਾਰਮਾਕੌਲੋਜੀ ਲੈਬਾਰੇਟਰੀ, ਫ਼ਾਰਮਾਕੌਲੋਜੀ ਵਿਭਾਗ ਨੇ ਦੋ ਮਹੀਨਿਆਂ ਦੀ ਮਿਹਨਤ ਪਿੱਛੋਂ ਪੰਜ ਅਜਿਹੇ ਸੰਭਾਵੀ ਟੀਚਿਆਂ (ਪੋਟੈਂਸ਼ੀਅਲ ਟਾਰਗੈਟਸ) ਦੀ ਪਛਾਣ ਕੀਤੀ ਹੈ, ਜੋ ਕੋਰੋਨਾ ਵਾਇਰਸ ਵੱਲੋਂ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਾਉਣ ਜਾਂ ਫੈਲਣ ਤੋਂ ਰੋਕਣਗੇ। ਜਾਣਕਾਰੀ ਮੁਤਾਬਕ ਪੀਜੀਆਈ ਦੇ ਡਾਕਟਰਾਂ ਨੇ ਜਿਹੜੇ ਸੰਭਾਵੀ ਟੀਚਿਆਂ ਦੀ ਪਛਾਣ ਕੀਤੀ ਹੈ; ਉਨ੍ਹਾਂ ਵਿੱਚ ਨਿਊਕਲੀਓ–ਕੈਪਸਿਡ ਪ੍ਰੋਟੀਨ, ਪ੍ਰੋਟੀਜ਼ ਐਨਜ਼ਾਈਮ, ਈ–ਪ੍ਰੋਟੀਨ, ਐੱਮ ਪ੍ਰੋਟੀਨ ਅਤੇ ਸਪਾਈਕ ਪ੍ਰੋਟੀਨ ਸ਼ਾਮਲ ਹਨ। ਇਹ ਸਾਰੇ ਪ੍ਰੋਟੀਨ ਵਾਇਰਸ ਨੂੰ ਖ਼ਤਮ ਕਰਨ ਵਿੱਚ ਕਾਰਗਰ ਸਿੱਧ ਹੋ ਸਕਦੇ ਹਨ।

ਪੀਜੀਆਈ ਦੇ ਡਾਕਟਰਾਂ ਮੁਤਾਬਕ ਕੋਰੋਨਾ ਵਾਇਰਸ ਦੀ ਦਵਾਈ ਲੱਭਣ ਦੀ ਦਿਸ਼ਾ ਵਿਚ ਇਹ ਮਹੱਤਵਪੂਰਨ ਕਦਮ ਹੈ ਅਤੇ ਇਨ-ਸਿਲਿਕੋ ਡਰੱਗ ਡਿਜ਼ਾਈਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਫ਼ਾਰਮਾਕੌਲੋਜੀ ਵਿਭਾਗ ਦੇ ਪ੍ਰੋ. ਵਿਕਾਸ ਮੇਧੀ ਦੀ ਅਗਵਾਈ ਹੇਠ ਡਾ. ਫ਼ੁਲੇਨ ਸਰਮਾ, ਨਿਸ਼ਾਂਤ ਸ਼ੇਖਰ, ਮਨੀਸ਼ਾ ਪ੍ਰਜਾਪਤ, ਡਾ. ਪ੍ਰਮੋਦ ਅਵੱਤੀ, ਡਾ. ਅਜੇ ਪ੍ਰਕਾਸ਼, ਡਾ. ਹਰਦੀਪ ਕੌਰ, ਡਾ. ਸੁਬੋਧ ਕੁਮਾਰ, ਡਾ. ਹਰੀਸ਼ ਕੁਮਾਰ ਅਤੇ ਡਾ. ਸੀਮਾ ਬਾਂਸਲ ਦੀ ਟੀਮ ਨੇ ਉਪਰੋਕਤ ਸੰਭਾਵੀ ਟੀਚਿਆਂ ਦੀ ਪਛਾਣ ਦੋ ਮਹੀਨਿਆਂ ਦੀ ਅਣਥੱਕ ਮਿਹਨਤ ਤੋਂ ਬਾਅਦ ਕੀਤੀ ਹੈ। ਅਤੇ ਛੇਤੀ ਹੀ ਇਨ੍ਹਾਂ ਸੰਭਾਵਿਤ ਟੀਚਿਆਂ ਅਤੇ ਮੁੜ ਸ਼ੁੱਧ ਕੀਤੇ ਗਏ ਅਣੂਆਂ ਨੂੰ ਅੱਗੇ ਵੈਰੀਫਾਈ ਕਰਨਲਈ ਇਨ-ਵਿਟ੍ਰੋ ਅਤੇ ਇਨ–ਵੀਵੋ ਐਕਸਪੈਰੀਮੈਂਟ ਕੀਤਾ ਜਾਵੇਗਾ।

ਡਾਕਟਰਾਂ ਨੇ ਦੱਸਿਆ ਕਿ ਜਿਹੜੇ ਪ੍ਰੋਟੀਨ ਦੀ ਖੋਜ ਉਨ੍ਹਾਂ ਕੀਤੀ ਹੈ, ਉਨ੍ਹਾਂ ਦੇ ਸਹਿਯੋਗ ਨਾਲ ਪੁਰਾਣੀਆਂ ਦਵਾਈਆਂ ਜਿਵੇਂ ਕਲੋਰੋਕੁਈਨ, ਐੱਚ1ਐੱਨ1 ਵਾਇਰਸ ਲਈ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੇ ਨਾਲ ਅਸੀਂ ਪਾਜ਼ੀਟਿਵ ਮਰੀਜ਼ ਉੱਤੇ ਇਸ ਦੀ ਖੋਜ ਕਰ ਕੇ ਮਰੀਜ਼ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਬਾਰੇ ਪ੍ਰੋ. ਵਿਕਾਸ ਮੇਧੀ ਨੇ ਦੱਸਿਆ ਕਿ ਜਦੋਂ ਤੋਂ ਇਹ ਨਵਾਂ ਵਾਇਰਸ ਆਇਆ ਹੈ, ਅਸੀਂ ਇਸ ਦੇ ਫੈਲਣ ਤੋਂ ਬਾਅਦ ਤੋਂ ਇਸ ਨੂੰ ਖਤਮ ਕਰਨ ਲਈ ਮਕੈਨਿਜ਼ਮ ਤਿਆਰ ਕਰਨ ਵਿਚ ਲੱਗ ਗਏ ਸੀ ਕਿ ਕਿਹੜਾ ਮਕੈਨਿਜ਼ਮ ਜਾਂ ਪ੍ਰੋਟੀਨ ਇਸ ਵਾਇਰਸ ਨੂੰ ਖਤਮ ਕਰ ਸਕਦਾ ਹੈ। ਅਖੀਰ ਅਸੀਂ ਟਾਰਗੇਟੇਡ ਸਾਈਟ ਦੀ ਪਛਾਣ ਕਰ ਲਈ ਹੈ।