ਜਾਤੀ ਸਰਟੀਫਿਕੇਟ ਦੀ ਫੀਸ 10 ਰੁਪਏ ਕਰੋ : ਰਿੰਕੂ

ਜ਼ਿਲ੍ਹੇ ਦੇ 34 ਸੇਵਾ ਕੇਂਦਰਾਂ ‘ਚ ਇਕ ਫਾਰਮ ਭਰਨ ਬਦਲੇ ਕੰਪਨੀ ਦੀ 100 ਰੁਪਏ ਦੀ ਵਸੂਲੀ ‘ਤੇ ਭਾਵੇਂ ਅਫਸਰ ਅੱਖਾਂ ਬੰਦ ਕਰੀ ਬੈਠੇ ਹਨ ਪਰ ਪੱਛਮੀ ਹਲਕੇ ਤੋਂ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ।  ਮਾਮਲੇ ਨੂੰ ਲੈ ਕੇ ਵਿਧਾਇਕ ਰਿੰਕੂ ਮੰਗਲਵਾਰ ਚੰਡੀਗੜ੍ਹ ਪੱੁਜੇ ਤੇ ਗਵਰਨੈਸ ਰਿਫੋਰਮਜ਼ ਦੇ ਡਾਇਰੈਕਟਰ ਪਰਮਿੰਦਰ ਪਾਲ ਸਿੰਘ ਨੂੰ ਮਿਲੇ। ਉਨ੍ਹਾਂ ਨੇ ਡਾਇਰੈਕਟਰ ਨੂੰ ਕਿਹਾ ਕਿ ਛੇਤੀ ਤੋਂ ਛੇਤੀ ਇਸ ਫੀਸ ਨੂੰ ਘੱਟ ਕਰੇ। ਉਨ੍ਹਾਂ ਨੇ ਕਿਹਾ ਕਿ ਜਦੋਂ ਲੁਧਿਆਣੇ ‘ਚ 10 ਰੁਪਏ ਲਏ ਜਾ ਰਹੇ ਹਨ ਤਾਂ ਫਿਰ ਜਲੰਧਰ ‘ਚ ਗ਼ਰੀਬ ਜਨਤਾ ਨੂੰ ਕਿਉਂ ਲੁੱਟਿਆ ਜਾ ਰਿਹਾ ਹੈ।
ਸੇਵਾ ਕੇਂਦਰ ਪੰਜਾਬ ਸਰਕਾਰ ਨੇ ਜਨਤਾ ਦੀ ਭਲਾਈ ਲਈ ਚਲਾਏ ਹਨ, ਇਸ ਨੂੰ ਚਲਾਉਣ ਵਾਲੀ ਕੰਪਨੀ ਨੂੰ ਗ਼ਰੀਬਾਂ ਨਾਲ ਠੱਗੀ ਨਹੀਂ ਕਰਨ ਦਿੱਤੀ ਜਾਵੇਗੀ। ਉਹ ਇਸ ਨੂੰ ਹਰ ਹਾਲ ਬੰਦ ਕਰਵਾਉਣਗੇ ਤੇ ਫੀਸ 10 ਰੁਪਏ ਹੀ ਲਾਗੂ ਕਰਵਾਈ ਜਾਵੇਗੀ। ਇਸ ਮਾਮਲੇ ‘ਚ ਕੰਪਨੀ ਸਰਕਾਰ ਨਾਲ ਕਰਾਰ ਦਾ ਹਵਾਲਾ ਦੇ ਕੇ 100 ਰੁਪਏ ਵਸੂਲ ਰਹੀ ਹੈ। ਵਿਧਾਇਕ ਨੇ ਕਿਹਾ ਕਿ ਡਾਇਰੈਕਟਰ ਪਰਮਿੰਦਰ ਪਾਲ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇਹ ਫੀਸ ਨੂੰ ਛੇਤੀ ਹੀ ਘੱਟ ਕੀਤੀ ਜਾਵੇਗੀ ਤੇ ਉਨ੍ਹਾਂ ਦੇ ਘੱਟ ਫੀਸ ਦੇ ਸੁਝਾਅ ਮੁਤਾਬਕ ਇਸ ਨੂੰ ਜਲੰਧਰ ਦੇ ਸੇਵਾ ਕੇਂਦਰਾਂ ‘ਚ ਲਾਗੂ ਕੀਤਾ ਜਾਵੇਗਾ।