ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ‘ਤੇ ਰਖਿਆ ਨੀਂਹ-ਪੱਥਰ, 550 ਸਾਲਾ ‘ਤੇ ਵਿਕਾਊ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ‘ਤੇ ਮਨਾਉਣ ਤੋਂ ਤੁਰੰਤ ਬਾਅਦ ਬਠਿੰਡਾ ‘ਚ ਗੁਰੂ ਨਾਨਕ ਥਰਮਲ ਪਲਾਂਟ ਦੀ 1764 ਏਕੜ ਜ਼ਮੀਨ ਨੂੰ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸ ਨੂੰ 500 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਲਾਇਆ ਗਿਆ ਸੀ।

ਪੰਜਾਬ ਕੈਬਨਿਟ ਨੇ ਸੋਮਵਾਰ ਨੂੰ ਇਸ ਫ਼ੈਸਲੇ ‘ਤੇ ਮੋਹਰ ਲਾਉਂਦੇ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਦੀ ਇਹ ਜ਼ਮੀਨ 80:20 ਮਾਲੀਏ ਦੇ ਹਿੱਸੇਦਾਰੀ ‘ਚ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ (ਪੁਡਾ) ਨੂੰ ਸੌਂਪ ਦਿੱਤੀ ਹੈ। ਕੈਬਨਿਟ ਨੇ ਪੁਡਾ ਨੂੰ ਇਸ ਥਾਂ ਨੂੰ ਵਿਕਸਤ ਕਰਨ ਤੇ ਵੇਚਣ ਲਈ ਸੂਬੇ ਦੀ ਗਾਰੰਟੀ ਦੇ ਨਾਲ 100 ਕਰੋੜ ਰੁਪਏ ਤਕ ਦਾ ਕਰਜ਼ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ‘ਤੇ ਤਤਕਾਲੀ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਤੇ ਮਾਲ ਮੰਤਰੀ ਫ਼ਕੀਰ ਚੰਦ, ਜਿਹੜੇ ਬਠਿੰਡੇ ਦੇ ਵਿਧਾਇਕ ਵੀ ਸਨ, ਨੇ ਇਸ ਦਾ ਨੀਂਹ-ਪੱਥਰ ਰੱਖਿਆ ਸੀ। ਹਾਲਾਂਕਿ ਪਲਾਂਟ ਨੂੰ ਸਤੰਬਰ 2017 ਤੋਂ ਹੀ ਬੰਦ ਕਰ ਦਿੱਤਾ ਗਿਆ ਸੀ ਪਰ ਇਸ ਦੀ 1764 ਏਕੜ ਜ਼ਮੀਨ ਬਾਰੇ ਕੋਈ ਫ਼ੈਸਲਾ ਨਹੀਂ ਹੋ ਰਿਹਾ ਸੀ। ਇਹ ਫ਼ੈਸਲਾ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦੇ ਸਾਲ ‘ਚ ਹੀ ਕਰ ਲਿਆ। ਇਸ ਫ਼ੈਸਲੇ ਦਾ ਸੋਮਵਾਰ ਨੂੰ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੂੰ ਵਿਧਾਇਕਾਂ, ਪਾਰਟੀ ਨੇਤਾਵਾਂ ਨਾਲ ਚੰਡੀਗੜ੍ਹ ਪੁਲਿਸ ਨੇ ਕਈ ਘੰਟੇ ਸੈਕਟਰ 3 ਦੇ ਥਾਣੇ ਵਿਚ ਬੰਦ ਰੱਖਿਆ।

ਬਠਿੰਡਾ ਪਲਾਂਟ ਦੀ ਜ਼ਮੀਨ ਨੂੰ ਮੁੜ ਵਿਕਸਤ ਕਰਨ ਦਾ ਖਰੜਾ ਤਿਆਰ ਕਰਨ ਲਈ 18 ਮਈ, 2020 ਨੂੰ ਇਕ ਹੋਰ ਕੈਬਨਿਟ ਸਬ ਕਮੇਟੀ ਬਣਾਈ ਗਈ ਸੀ ਜਿਸ ਵਿਚ ਹਾਊਸਿੰਗ ਨਿਰਮਾਣ ਤੇ ਸ਼ਹਿਰੀ ਵਿਕਾਸ ਮੰਤਰੀ, ਸਨਅਤ ਤੇ ਵਣਜ ਮੰਤਰੀ ਤੇ ਸਥਾਨਕ ਸਰਕਾਰਾਂ ਦੇ ਮੰਤਰੀ ਬਤੌਰ ਮੈਂਬਰ ਸ਼ਾਮਲ ਸਨ।

ਸੂਬਾ ਸਰਕਾਰ ਵੱਲੋਂ ਸਿੱਧੇ ਤੇ ਅਸਿੱਧੇ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰ ਕੇ ਇਸ ਖੇਤਰ ‘ਚ ਖ਼ੁਸ਼ਹਾਲੀ ਲਿਆਉਣ ਲਈ ਇਸ ਜ਼ਮੀਨ ਨੂੰ ਵਿਕਸਤ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਪੀਐੱਸਪੀਐੱਲ ਬੋਰਡ ਵਲੋਂ ਇਹ ਜ਼ਮੀਨ (280 ਏਕੜ ਦੀ ਰਿਹਾਇਸ਼ੀ ਕਾਲੋਨੀ ਨੂੰ ਛੱਡ ਕੇ) ਇਸ ਦੇ ਵਿਕਾਸ ਤੇ 80:20 ਮਾਲੀਆ ਹਿੱਸੇਦਾਰੀ ਯੋਜਨਾ ਤਹਿਤ ਵਿਕਰੀ ਲਈ ਪੁਡਾ ਨੂੰ ਸੌਂਪੇ ਜਾਣ ਸਬੰਧੀ ਮਤਾ ਪਾਸ ਕੀਤਾ ਜਾ ਚੁੱਕਾ ਹੈ। ਇਸ ਯੋਜਨਾ ਤਹਿਤ ਜ਼ਮੀਨ ਦੀ ਅੰਦਾਜ਼ਨ ਕੀਮਤ ਤੋਂ ਇਲਾਵਾ ਵਿਕਸਤ ਹੋਈ ਜ਼ਮੀਨ ਦੀ ਵਿਕਰੀ ਤੋਂ ਹੋਣ ਵਾਲੇ ਲਾਭ ਦਾ 80 ਫ਼ੀਸਦੀ ਹਿੱਸਾ ਇਸ ਦੇ ਮਾਲਿਕ ਪੀਐੱਸਪੀਸੀਐੱਲ ਨੂੰ ਜਾਵੇਗਾ ਤੇ 20 ਫ਼ੀਸਦੀ ਹਿੱਸਾ ਪੁਡਾ ਨੂੰ ਮਿਲੇਗਾ।

ਗਰਮਾਏਗੀ ਸਿਆਸਤ

ਥਰਮਲ ਪਲਾਂਟ ਦੀ ਜ਼ਮੀਨ ਨੂੰ ਵੇਚਣ ਲਈ ਸਿਆਸਤ ਗਰਮਾਉਣੀ ਤੈਅ ਹੈ। ਅਸਲ ‘ਚ ਚੋਣਾਂ ਤੋਂ ਪਹਿਲਾਂ ਵਿਤ ਮੰਤਰੀ ਮਨਪ੍ਰਰੀਤ ਬਾਦਲ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਬਠਿੰਡਾ ਥਰਮਲ ਪਲਾਂਟ ਨੂੰ ਮੁੜ ਸ਼ੁਰੂ ਕਰਵਾਇਆ ਜਾਵੇਗਾ ਪਰ ਇਸ ਪਲਾਂਟ ਤੋਂ ਬਿਜਲੀ ਮਹਿੰਗੀ ਮਿਲਣ ਕਾਰਨ ਸਰਕਾਰ ਨੇ ਇਸ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ। ਇੱਥੋਂ ਦੇ ਸਾਰੇ ਮੁਲਾਜ਼ਮਾਂ ਨੂੰ ਦੂਜੇ ਥਰਮਲ ਪਲਾਂਟਾਂ ਤੇ ਪਾਵਰਕਾਮ ਦੇ ਦਫ਼ਤਰਾਂ ‘ਚ ਸ਼ਿਫਟ ਕਰ ਦਿੱਤਾ ਗਿਆ ਹੈ।