ਖਰਚਾ ਨਿਗਰਾਨਾਂ ਨੇ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦੀ ਕੀਤੀ ਦੂਜੀ ਵਾਰ ਪੜਤਾਲ
ਬਠਿੰਡਾ, 26 ਮਈ : ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਲੋਕ ਸਭਾ ਹਲਕਾ 11-ਬਠਿੰਡਾ ਲਈ ਨਿਯੁਕਤ ਖਰਚਾ ਨਿਗਰਾਨਾਂ ਸ਼੍ਰੀ ਅਖਲੇਸ਼ ਕੁਮਾਰ ਯਾਦਵ (ਆਈਆਰਐਸ) ਤੇ ਮੈਡਮ ਨੰਦਨੀ ਆਰ ਨਾਇਰ (ਆਈਆਰਐਸ) ਵੱਲੋਂ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜ ਰਹੇ ਉਮੀਦਵਾਰਾਂ ਦੁਆਰਾ ਕੀਤੇ ਜਾ ਰਹੇ ਖਰਚੇ ਸਬੰਧੀ ਅੱਜ ਦੂਜੀ ਵਾਰ ਪੜਤਾਲ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਜ਼ਿਲ੍ਹਾ ਨੋਡਲ ਅਫ਼ਸਰ ਖਰਚਾ ਨਿਗਰਾਨ ਸੈਲ ਡਾ. ਮਨਦੀਪ ਕੌਰ ਵੀ ਹਾਜ਼ਰ ਸਨ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਕੁੱਲ 18 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿੰਨ੍ਹਾਂ ਚ 10 ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ 8 ਅਜ਼ਾਦ ਉਮੀਦਵਾਰ ਸ਼ਾਮਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਦੀ ਦੂਜੀ ਵਾਰ ਦੀ ਪੜਤਾਲ ਦੌਰਾਨ 17 ਉਮੀਦਵਾਰਾਂ ਦੇ ਚੋਣ ਏਜੰਟਾਂ ਵੱਲੋਂ ਆਪੋ-ਆਪਣੇ ਉਮੀਦਵਾਰਾਂ ਦੇ ਖਰਚੇ ਸਬੰਧੀ ਪੜਤਾਲ ਕਰਵਾਈ ਗਈ, ਜਦਕਿ ਨੈਸ਼ਨਲਿਸਟ ਜਸਟਿਸ ਪਾਰਟੀ ਦੀ ਉਮੀਦਵਾਰ ਪੂਨਮ ਰਾਣੀ ਦਾ ਕੋਈ ਵੀ ਚੋਣ ਖਰਚਾ ਏਜੰਟ ਆਪਣੇ ਖਰਚਾ ਰਜਿਸਟਰ ਚੈਕ ਕਰਵਾਉਣ ਲਈ ਨਹੀਂ ਪਹੁੰਚਿਆ, ਜਿਸ ਕਾਰਨ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ।
ਇਸ ਮੌਕੇ ਖਰਚਾ ਨਿਗਰਾਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਅਜ਼ਾਦ ਉਮੀਦਵਾਰਾਂ ਦੁਆਰਾ ਕੀਤੇ ਜਾ ਰਹੇ ਚੋਣ ਖਰਚ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਚੋਣਾਂ ਸਬੰਧੀ ਕਿਸੇ ਕਿਸਮ ਦਾ ਖ਼ਰਚਾ ਛੁਪਾਉਣ ਜਾਂ ਘੱਟ ਦਰਸਾਉਣ ‘ਤੇ ਸਖਤ ਕਾਰਵਾਈ ਅਮਲ ‘ਚ ਲਿਆਂਦੀ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਲੜ ਰਹੇ ਉਮੀਦਵਾਰਾਂ ਦੇ ਚੋਣ ਖਰਚਿਆਂ ਦੀ ਤਿੰਨ ਵਾਰ ਪੜਤਾਲ ਕੀਤੀ ਜਾਣੀ ਹੈ। ਇਸ ਤਰ੍ਹਾਂ 30 ਮਈ 2024 ਨੂੰ ਤੀਜੀ ਵਾਰ ਪੜਤਾਲ ਕੀਤੀ ਜਾਵੇਗੀ।
ਇਸ ਮੌਕੇ ਡੀ.ਸੀ.ਐਫ.ਏ ਸ਼੍ਰੀ ਰਾਕੇਸ਼ ਸ਼ਰਮਾ, ਏ.ਸੀ.ਐਫ.ਏ ਸ਼੍ਰੀ ਵਿਕਾਸ ਮਿੱਤਲ ਤੋਂ ਇਲਾਵਾ ਹੋਰ ਅਧਿਕਾਰੀ ਤੇ ਚੋਣ ਲੜ ਰਹੇ ਉਮੀਦਵਾਰਾਂ ਦੇ ਚੋਣ ਏਜੰਟ ਆਦਿ ਹਾਜ਼ਰ ਸਨ।