–ਲੋਕ ਸਭਾ ਚੋਣਾਂ-2024–
ਬਠਿੰਡਾ ਲੋਕ ਸਭਾ ਹਲਕੇ ਤੋਂ 18 ਉਮੀਦਵਾਰ ਚੋਣ ਮੈਦਾਨ ਚ : ਜਸਪ੍ਰੀਤ ਸਿੰਘ
2 ਉਮੀਦਵਾਰਾਂ ਨੇ ਲਈਆਂ ਆਪਣੀਆਂ ਨਾਮਜ਼ਦਗੀਆਂ ਵਾਪਸ
ਬਠਿੰਡਾ, 17 ਮਈ : ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਨੇ ਦੱਸਿਆ ਕਿ 1 ਜੂਨ 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਲੋਕ ਸਭਾ ਹਲਕਾ ਬਠਿੰਡਾ-11 ਤੋਂ 20 ਨਾਮਜਦਗੀ ਪੱਤਰ ਯੋਗ ਪਾਏ ਗਏ ਸਨ, ਜਿਨ੍ਹਾ ਚੋਂ ਅੱਜ ਇੱਥੇ 2 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਵਾਪਸ ਲੈ ਲਏ ਹਨ ਅਤੇ 18 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਨਾਮਜਦਗੀ ਪੱਤਰ ਵਾਪਿਸ ਲੈਣ ਵਾਲੇ ਉਮੀਦਵਾਰਾਂ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਨੇ ਦੱਸਿਆ ਅਜ਼ਾਦ ਉਮੀਦਵਾਰ ਅੰਕੁਸ਼ ਜਿੰਦਲ ਅਤੇ ਸ਼ੋਮਣੀ ਅਕਾਲੀ ਦਲ (ਅੰਮ੍ਰਿਤਸਰ) (ਸਿਮਰਨਜੀਤ ਸਿੰਘ ਮਾਨ) ਪਾਰਟੀ ਤੋਂ ਉਮੀਦਵਾਰ ਸੁਖਜੀਤ ਕੌਰ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ।
ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਨੇ ਦੱਸਿਆਂ ਕਿ ਚੋਣ ਮੈਦਾਨ ਚ ਸ਼੍ਰੋਮਣੀ ਅਕਾਲੀ ਦਲ ਤੋਂ ਹਰਸਿਮਰਤ ਕੌਰ, ਆਮ ਆਦਮੀ ਪਾਰਟੀ ਤੋਂ ਗੁਰਮੀਤ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਜੀਤ ਮਹਿੰਦਰ ਸਿੰਘ, ਬਹੁਜਨ ਸਮਾਜ ਪਾਰਟੀ ਤੋਂ ਨਿੱਕਾ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਤੋਂ ਪਰਮਪਾਲ ਕੌਰ ਸਿੱਧੂ ਰਹਿ ਗਏ ਹਨ।
ਇਸੇ ਤਰ੍ਹਾਂ ਜਨਸੇਵਾ ਡਰਾਈਵਰ ਪਾਰਟੀ ਤੋਂ ਗੁਰਪ੍ਰੀਤ ਸਿੰਘ, ਅਜਾਦ ਸਮਾਜ ਪਾਰਟੀ (ਕਾਂਸੀ ਰਾਮ) ਤੋਂ ਜਸਵੀਰ ਸਿੰਘ, ਭਾਰਤੀਯ ਜਵਾਨ ਕਿਸਾਨ ਪਾਰਟੀ ਤੋਂ ਨੈਬ ਸਿੰਘ, ਨੈਸ਼ਨੇਲਿਸਟ ਜਸਟਿਸ ਪਾਰਟੀ ਤੋਂ ਪੂਨਮ ਰਾਣੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) (ਸਿਮਰਨਜੀਤ ਸਿੰਘ ਮਾਨ) ਤੋਂ ਲਖਵੀਰ ਸਿੰਘ ਰਹਿ ਗਏ ਹਨ।
ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਅਜ਼ਾਦ ਉਮੀਦਵਾਰਾਂ ’ਚੋਂ ਅਮਨਦੀਪ ਸਿੰਘ, ਕੁਲਵੰਤ ਸਿੰਘ, ਗੁਰਬਰਨ ਸਿੰਘ, ਗੁਰਮੀਤ ਸਿੰਘ, ਜਗਜੀਵਨ ਬੱਲੀ, ਪਰਵਿੰਦਰ ਸਿੰਘ, ਪਾਲਾ ਰਾਮ ਅਤੇ ਭਗਵੰਤ ਸਿੰਘ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਨੇ ਬਠਿੰਡਾ ਲੋਕ ਸਭਾ ਹਲਕੇ ਚ ਪੈਂਦੇ ਕੁੱਲ 1814 ਪੋਲਿੰਗ ਬੂਥਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਕਿ ਲੰਬੀ ਚ 177, ਭੁੱਚੋ ਮੰਡੀ (ਐਸਸੀ) ਚ 203, ਬਠਿੰਡਾ (ਸ਼ਹਿਰੀ) ਚ 244, ਬਠਿੰਡਾ (ਦਿਹਾਤੀ) (ਐਸਸੀ) 170, ਤਲਵੰਡੀ ਸਾਬੋ ਚ 179, ਮੌੜ ਚ 196, ਮਾਨਸਾ ਚ 223, ਸਰਦੂਲਗੜ੍ਹ ਚ 206 ਅਤੇ ਬੁਢਲਾਡਾ (ਐਸਸੀ) ਚ 216 ਪੋਲਿੰਗ ਬੂਥ ਸ਼ਾਮਲ ਹਨ।
ਜ਼ਿਲ੍ਹਾ ਚੋਣ ਅਫਸਰ ਨੇ ਇਹ ਵੀ ਦੱਸਿਆ ਕਿ 1 ਜੂਨ (ਸ਼ਨੀਵਾਰ) ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ਦਾ ਨਤੀਜਾ 4 ਜੂਨ ਐਲਾਨਿਆ ਜਾਵੇਗਾ।