You are currently viewing ਬਠਿੰਡਾ ਚ ਸੱਤਵੇਂ ਦਿਨ 9 ਉਮੀਦਵਾਰਾਂ ਨੇ ਭਰੇ 14 ਨਾਮਜ਼ਦਗੀ ਪੱਤਰ : ਜਸਪ੍ਰੀਤ ਸਿੰਘ

ਬਠਿੰਡਾ ਚ ਸੱਤਵੇਂ ਦਿਨ 9 ਉਮੀਦਵਾਰਾਂ ਨੇ ਭਰੇ 14 ਨਾਮਜ਼ਦਗੀ ਪੱਤਰ : ਜਸਪ੍ਰੀਤ ਸਿੰਘ

ਲੋਕ ਸਭਾ ਚੋਣਾਂ-2024
ਬਠਿੰਡਾ ਚ ਸੱਤਵੇਂ ਦਿਨ 9 ਉਮੀਦਵਾਰਾਂ ਨੇ ਭਰੇ 14 ਨਾਮਜ਼ਦਗੀ ਪੱਤਰ : ਜਸਪ੍ਰੀਤ ਸਿੰਘ
• ਹੁਣ ਤੱਕ 23 ਨਾਮਜ਼ਦਗੀਆਂ ਹੋਈਆਂ ਦਾਖ਼ਲ
• 14 ਮਈ ਤੱਕ ਦਾਖ਼ਲ ਕਰਵਾਈਆਂ ਜਾ ਸਕਦੀਆਂ ਹਨ ਨਾਮਜ਼ਦਗੀਆਂ
• ਦਾਖਲ ਹੋਏ ਨਾਮਜ਼ਦਗੀ ਪੱਤਰਾਂ ਦੀ ਪੜਤਾਲ 15 ਮਈ ਨੂੰ
• 17 ਮਈ ਤੱਕ ਵਾਪਸ ਲਈਆਂ ਜਾ ਸਕਣਗੀਆਂ ਨਾਮਜ਼ਦਗੀਆਂ
ਬਠਿੰਡਾ, 13 ਮਈ : ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਨੇ ਦੱਸਿਆ ਕਿ 1 ਜੂਨ 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਲੋਕ ਸਭਾ ਹਲਕਾ ਬਠਿੰਡਾ 11 ਤੋਂ ਅੱਜ ਸੱਤਵੇਂ ਦਿਨ 9 ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਅਜ਼ਾਦ ਉਮੀਦਵਾਰਾਂ ਵੱਲੋਂ 14 ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਹੁਣ ਤੱਕ ਬਠਿੰਡਾ ਲੋਕ ਸਭਾ ਹਲਕੇ ਲਈ ਕੁੱਲ 18 ਉਮੀਦਵਾਰਾਂ ਵਲੋਂ 23 ਨਾਮਜ਼ਦਗੀਆਂ ਦਾਖ਼ਲ ਕਰਵਾਈਆਂ ਜਾ ਚੁੱਕੀਆਂ ਹਨ।
ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਨੇ ਸੱਤਵੇਂ ਦਿਨ ਦਾਖਲ ਹੋਏ ਨਾਮਜ਼ਦਗੀ ਪੱਤਰਾਂ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ (2 ਸੈੱਟ), ਸ਼੍ਰੋਮਣੀ ਅਕਾਲੀ ਦਲ ਵਲੋਂ ਹੀ ਸ ਸੁਖਬੀਰ ਸਿੰਘ ਬਾਦਲ ਨੇ (2 ਸੈੱਟ), ਭਾਰਤੀ ਜਨਤਾ ਪਾਰਟੀ (ਬੀਜੇਪੀ) ਵੱਲੋਂ ਪਰਮਪਾਲ ਕੌਰ ਸਿੱਧੂ (2 ਸੈੱਟ) ਤੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਗੁਰਪ੍ਰੀਤ ਸਿੰਘ ਵਲੋਂ (2 ਸੈੱਟ), ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵਲੋਂ ਗੁਰਬਾਜ਼ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) (ਸਿਮਰਨਜੀਤ ਸਿੰਘ ਮਾਨ) ਪਾਰਟੀ ਵਲੋਂ ਲਖਵੀਰ ਸਿੰਘ ਦੁਆਰਾ (3 ਸੈੱਟ) ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਇਸ ਤੋਂ ਇਲਾਵਾ ਅਮਨਦੀਪ ਸਿੰਘ ਤੇ ਪਾਲਾ ਰਾਮ ਵੱਲੋਂ ਅਜ਼ਾਦ ਉਮੀਦਵਾਰ ਵਜੋਂ ਆਪਣੇ (1-1 ਸੈੱਟ) ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ।
ਜ਼ਿਲ੍ਹਾ ਚੋਣ ਅਫਸਰ ਨੇ ਹੋਰ ਦੱਸਿਆ ਕਿ 14 ਮਈ ਨੂੰ ਸ਼ਾਮ 3 ਵਜੇ ਤੱਕ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾ ਸਕਣਗੇ, ਦਾਖਲ ਹੋਏ ਨਾਮਜ਼ਦਗੀ ਪੱਤਰਾਂ ਦੀ ਪੜਤਾਲ 15 ਮਈ ਨੂੰ ਕੀਤੀ ਜਾਵੇਗੀ ਅਤੇ 17 ਮਈ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਜ਼ਿਲ੍ਹਾ ਚੋਣ ਅਫਸਰ ਨੇ ਇਹ ਵੀ ਦੱਸਿਆ ਕਿ 1 ਜੂਨ (ਸ਼ਨੀਵਾਰ) ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ਦਾ ਨਤੀਜਾ 4 ਜੂਨ ਐਲਾਨਿਆ ਜਾਵੇਗਾ।