ਅਨਾਜ ਮੰਡੀਆਂ ਵਿੱਚ ਕਣਕ ਦੀ 886061.50 ਮੀਟ੍ਰਕ ਟਨ ਦੀ ਹੋਈ ਖ੍ਰੀਦ : ਜਸਪ੍ਰੀਤ ਸਿੰਘ
ਹੁਣ ਤੱਕ ਕਿਸਾਨਾਂ ਨੂੰ 1920.94 ਕਰੋੜ ਰੁਪਏ ਦੀ ਅਦਾਇਗੀ ਕੀਤੀ
ਬਠਿੰਡਾ, 10 ਮਈ : ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ 10 ਮਈ 2024 ਤੱਕ ਜ਼ਿਲ੍ਹੇ ਦੀਆਂ ਮੰਡੀਆਂ ਚ 886061.50 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਵੱਖ-ਵੱਖ ਏਜੰਸੀਆਂ ਦੁਆਰਾ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 10 ਮਈ 2024 ਤੱਕ ਕਿਸਾਨਾਂ ਨੂੰ 1920.94 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ ਜੋ ਕਿ 100.43 ਫ਼ੀਸਦੀ ਬਣਦੀ ਹੈ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦੀ ਆਮਦ ਆਖਰੀ ਪੜਾਅ ’ਤੇ ਹੈ। ਅਨਾਜ ਮੰਡੀਆਂ ਵਿੱਚੋਂ ਕਿਸਾਨਾਂ ਦੀ ਕਣਕ ਦੀ ਫ਼ਸਲ ਦੀ ਖ਼ਰੀਦ ਵੱਖ-ਵੱਖ ਖ਼ਰੀਦ ਏਜੰਸੀਆਂ ਦੁਆਰਾ ਸਮੇਂ-ਸਿਰ ਕੀਤੀ ਜਾ ਰਹੀ ਹੈ ਤੇ ਖਰ਼ੀਦ ਕੀਤੀ ਗਈ ਕਣਕ ਦੀ ਚੁਕਾਈ ਤੇ ਤੁਲਾਈ ਦਾ ਕੰਮ ਵੀ ਨਿਰਵਿਘਨ ਜਾਰੀ ਹੈ।
ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਖਰੀਦੀ ਗਈ ਕਣਕ ਚ ਪਨਗ੍ਰੇਨ ਵੱਲੋਂ 285181.55 ਮੀਟ੍ਰਿਕ ਟਨ, ਮਾਰਕਫ਼ੈਡ ਵੱਲੋਂ 221182.35 ਪਨਸਪ ਵੱਲੋਂ 200653.60 ਵੇਅਰਹਾਊਸ ਵੱਲੋਂ 149666 ਤੇ ਪ੍ਰਾਈਵੇਟ ਵਪਾਰੀਆਂ ਵਲੋਂ 29378 ਮੀਟ੍ਰਿਕ ਟਨ ਕਣਕ ਸ਼ਾਮਲ ਹੈ।
ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸਗੋਂ ਇਸ ਨੂੰ ਜ਼ਮੀਨ ਚ ਹੀ ਮਿਲਾ ਕੇ ਖਾਦ ਦੇ ਤੌਰ ਤੇ ਵਰਤਣ। ਕਣਕ ਦੀ ਪਰਾਲੀ ਨੂੰ ਸਾੜਨ ਨਾਲ ਜਿੱਥੇ ਵਾਤਾਵਰਨ ਗੰਧਲਾ ਹੁੰਦਾ ਹੈ, ਉੱਥੇ ਹੀ ਮਨੁੱਖੀ ਸਿਹਤ ਤੇ ਮਾੜੇ ਭਾਵ ਪੈਂਦੇ ਹਨ।