ਜ਼ਿਲ੍ਹਾ ਚੋਣ ਅਫਸਰ ਕੋਲੋਂ ਸਮੁੱਚੀ ਚੋਣ ਪ੍ਰਕਿਰਿਆਂ ਬਾਰੇ ਖਰਚਾ ਨਿਗਰਾਨ ਅਧਿਕਾਰੀਆਂ ਨੇ ਬਾਰੀਕੀ ਨਾਲ ਹਾਸਲ ਕੀਤੀ ਜਾਣਕਾਰੀ
ਬਠਿੰਡਾ, 8 ਮਈ : ਭਾਰਤੀ ਚੋਣ ਕਮਿਸ਼ਨ ਵਲੋਂ ਲੋਕ ਸਭਾ ਹਲਕਾ ਬਠਿੰਡਾ ਲਈ ਨਿਯੁਕਤ ਕੀਤੇ ਗਏ ਖਰਚਾ ਨਿਗਰਾਨ ਸ਼੍ਰੀ ਅਖਲੇਸ਼ ਕੁਮਾਰ ਯਾਦਵ (ਆਈਆਰਐਸ) ਅਤੇ ਮੈਡਮ ਨੰਦਨੀ ਆਰ ਨੈਰ (ਆਈਆਰਐਸ) ਨੇ ਅੱਜ ਇੱਥੇ ਬਠਿੰਡਾ ਲੋਕ ਸਭਾ ਹਲਕੇ ਨਾਲ ਸਬੰਧਤ ਸਮੂਹ ਏਆਰਓਜ਼, ਨੋਡਲ ਅਫ਼ਸਰਾਂ, ਖਰਚਾ ਟੀਮਾਂ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਆਪਣੀ ਪਲੇਠੀ ਮੀਟਿੰਗ ਕੀਤੀ।
ਇਸ ਦੌਰਾਨ ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਨੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਤਰਫੋਂ ਹੁਣ ਤੱਕ ਦੀ ਜ਼ਿਲ੍ਹੇ ਅੰਦਰ ਲੋਕ ਸਭਾ ਚੋਣਾਂ-2024 ਨੂੰ ਸਫਲਤਾਪੂਰਵਕ ਨੇਪਰੇ ਚੜਾਉਣ ਲਈ ਸਮੁੱਚੀ ਚੋਣ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਚੋਣ ਅਫਸਰ ਨੇ ਖਰਚਾ ਨਿਗਰਾਨ ਅਧਿਕਾਰੀਆਂ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਚੋਣਾਂ ਨੂੰ ਸਫਲਤਾਪੂਵਰਕ ਢੰਗ ਨਾਲ ਨੇਪਰੇ ਚੜਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਐਸਐਸਪੀ ਸ਼੍ਰੀ ਦੀਪਕ ਪਾਰੀਕ ਨੇ ਜ਼ਿਲ੍ਹੇ ਅੰਦਰ ਕਾਨੂੰਨ ਤੇ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਖਰਚਾ ਨਿਗਰਾਨ ਸ਼੍ਰੀ ਅਖਲੇਸ਼ ਕੁਮਾਰ ਯਾਦਵ ਤੇ ਮੈਡਮ ਨੰਦਨੀ ਆਰ ਨੈਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਚੋਣਾਂ ਦੌਰਾਨ ਨਿਭਾਈ ਜਾਣ ਵਾਲੀ ਆਪੋਂ-ਆਪਣੀਆਂ ਡਿਊਟੀ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਹਾਸਲ ਹੋਣਾ ਲਾਜ਼ਮੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਚੋਣਾਂ ਨਾਲ ਸਬੰਧਤ ਜੇਕਰ ਕੋਈ ਜਾਣਕਾਰੀ ਹਾਸਲ ਕਰਨੀ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਰਪੇਸ਼ ਆਉਦੀ ਹੈ ਤਾਂ ਉਹ ਕਿਸੇ ਵੀ ਸਮੇਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਚੋਣ ਡਿਊਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਜਾਂ ਕੋਤਾਹੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸਤ ਨਹੀਂ ਕੀਤਾ ਜਾਵੇਗਾ।
ਇਸ ਦੌਰਾਨ ਜ਼ਿਲ੍ਹਾ ਚੋਣ ਅਫਸਰ ਨੇ ਮੌਜੂਦ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਖਰਚਾ ਨਿਗਰਾਨਾਂ ਦੁਆਰਾ ਤਿੰਨ ਵਾਰ ਚੋਣ ਲੜ ਰਹੇ ਉਮੀਦਵਾਰਾਂ ਵਲੋਂ ਚੋਣਾਂ ਦੌਰਾਨ ਕੀਤੇ ਜਾਣ ਵਾਲੇ ਚੋਣ ਖਰਚਿਆਂ ਦੀ ਮਿਤੀ 19, 24 ਤੇ 28 ਮਈ 2024 ਨੂੰ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ’ਚ ਜਾਂਚ ਕੀਤੀ ਜਾਵੇਗੀ, ਜਿਸ ਦੀ ਹਰ ਹਾਲਤ ਵਿੱਚ ਖਰਚਾ ਨਿਗਰਾਨਾਂ ਕੋਲੋਂ ਪੜਤਾਲ ਕਰਵਾਉਣੀ ਯਕੀਨੀ ਬਣਾਈ ਜਾਵੇ।
ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫਸਰ ਸ਼੍ਰੀ ਲਤੀਫ ਅਹਿਮਦ, ਨੋਡਲ ਅਫ਼ਸਰ ਮਾਡਲ ਕੋਡ ਆਫ਼ ਕੰਡਕਟ (ਐਮ.ਸੀ.ਸੀ.) ਤੇ ਸ਼ਿਕਾਇਤ ਸੈੱਲ-ਕਮ-ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ, ਵੱਖ-ਵੱਖ ਹਲਕਿਆਂ ਨਾਲ ਸਬੰਧਤ ਏਆਰਓਜ਼, ਖਰਚਾ ਟੀਮਾਂ ਦੇ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।