‘ਪੰਜਾਬ ਬਚਾਓ’ ਵਾਲੇ ਪੰਜਾਬ ਦੋਖੀਆਂ ਦੇ ਧੋਖੇ ਤੋਂ ਬਚੋ: ਖੁੱਡੀਆਂ
ਭਾਜਪਾ, ਅਕਾਲੀ ਦਲ ਤੇ ਕਾਂਗਰਸ ਤਿੰਨੇ ਰਲ ਕੇ ‘ਆਪ’ ਵਿਰੁੱਧ ਕਰ ਰਹੇ ਨੇ ਸਾਜਿਸ਼ਾਂ: ਪ੍ਰੋ. ਬਲਜਿੰਦਰ ਕੌਰ; ਤਲਵੰਡੀ ਸਾਬੋ ਹਲਕੇ ’ਚ ਚੋਣ ਪ੍ਰਚਾਰ ਨੂੰ ਭਰਵਾਂ ਹੁੰਘਾਰਾ
ਤਲਵੰਡੀ ਸਾਬੋ (4 ਮਈ)- ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਖੇਤਰ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਚੀਫ ਵਿ੍ਹੱਪ ਪ੍ਰੋ. ਬਲਜਿੰਦਰ ਕੌਰ ਵੀ ਨਾਲ ਰਹੇ। ਚੋਣ ਪ੍ਰਚਾਰ ਦੌਰਾਨ ਲੋਕਾਂ ਵੱਲੋਂ ਇਕੱਠਾਂ ’ਚ ਰਿਕਾਰਡ ਸ਼ਮੂਲੀਅਤ ਨਾਲ ‘ਆਪ’ ਨੂੰ ਸਮਰਥਨ ਦਿੱਤਾ ਗਿਆ।
ਇਸ ਮੁਹਿੰਮ ਦੌਰਾਨ ਪਿੰਡ ਸ਼ੇਰਗੜ੍ਹ, ਭਗਵਾਨਗੜ੍ਹ, ਦੁੱਨੇਵਾਲਾ, ਗੁਰਥੜੀ, ਪੱਕਾ ਕਲਾਂ, ਚੱਕ ਹੀਰਾ ਸਿੰਘ, ਸੇਖ਼ੂ, ਤਰਖਾਣ ਵਾਲਾ, ਫੱਲੜ੍ਹ, ਰਾਮਸਰਾ, ਬਾਘਾ, ਸੁਖਲੱਧੀ ਵਿੱਚ ਹੋਈਆਂ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਖੁੱਡੀਆਂ ਨੇ ਪੰਜਾਬ ਸਰਕਾਰ ਦੀਆਂ ਦੋ ਸਾਲਾਂ ਦੀਆਂ ਪ੍ਰਾਪਤੀਆਂ ਦਾ ਵਿਸਥਾਰ ਵਿੱਚ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਵਾਂਗ ਹੀ ਦੇਸ਼ ਦੀ ਪਾਰਲੀਮੈਂਟ ਵਿੱਚ ਪੰਜਾਬ ਤੋਂ ਚੰਗੇ ਨੁਮਾਇੰਦੇ ਭੇਜੇ ਜਾਣਗੇ ਤਾਂ ਉਹ ਪੰਜਾਬ ਦੇ ਹਿਤਾਂ ਲਈ ਹਿੱਥ ਥਾਪੜ ਕੇ ਵਕਾਲਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਦੋ ਸਾਲਾਂ ’ਚ ਇਨਕਲਾਬੀ ਫੈਸਲੇ ਲੈ ਕੇ ਪੰਜਾਬ ਨੂੰ ਖ਼ੁਸ਼ਹਾਲੀ ਦੀ ਪਟੜੀ ’ਤੇ ਲੈ ਆਂਦਾ ਹੈ। ਉਨ੍ਹਾਂ ਕਿਹਾ ਕਿ ਦਰਅਸਲ ‘ਪੰਜਾਬ ਬਚਾਓ’ ਯਾਤਰਾ ਨਾਲ ਥਾਂ-ਥਾਂ ਢਕਵੰਜ ਕਰਦੇ ਫਿਰਦੇ ਪੰਜਾਬ ਦੋਖੀਆਂ ਤੋਂ ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੁਬਾਰਾ ਅਜਿਹੇ ਦੋਗਲੇ ਕਿਰਦਾਰਾਂ ਦੇ ਝਾਂਸੇ ’ਚ ਨਾ ਫਸ ਕੇ, ‘ਰੰਗਲਾ ਪੰਜਾਬ’ ਬਣਾਉਣ ਲਈ ਯਤਨਸ਼ੀਲ ਆਮ ਆਦਮੀ ਪਾਰਟੀ ਦਾ ਹਰ ਥਾਂ ਸਾਥ ਦਿੱਤਾ ਜਾਵੇ।
ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਜਦੋਂ ਦੀਆਂ ਪੰਜਾਬ ਦੀ ਸੱਤਾ ਤੋਂ ਬਾਹਰ ਹੋਈਆਂ ਹਨ, ਇਨ੍ਹਾਂ ਨੂੰ ਹਾਰ ਪਚ ਨਹੀਂ ਰਹੀ ਅਤੇ ਆਨੇ-ਬਹਾਨੇ ਗ਼ਲਤ ਪ੍ਰਚਾਰ ਕਰਕੇ ਸੂਝਵਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ ਤੇ ਭਾਜਪਾ ਤਿੰਨੇ ਹੀ ਪੰਜਾਬ ’ਤੇ ਰਲ-ਮਿਲ ਕੇ ਤੇ ਲੋਕਾਂ ਨਾਲ ਫ਼ਰੇਬ ਕਰਕੇ ਰਾਜ ਕਰਦੇ ਰਹੇ। ਉਨ੍ਹਾਂ ਕਿਹਾ ਕਿ ਹੁਣ ਤਿੰਨੇ ਹੀ ਉੱਪਰੋਂ ਵੱਖ ਤੇ ਅੰਦਰਖਾਤੇ ਇਕ ਹੋ ਕੇ ‘ਆਪ’ ਦੇ ਰਾਹ ’ਚ ਰੋੜੇ ਅਟਕਾਉਣ ਲਈ ਸਾਜਿਸ਼ਾਂ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ‘ਆਪ’ ਦੇ ਉਮੀਦਵਾਰਾਂ ਨੂੰ ਕਾਮਯਾਬ ਕਰਕੇ ਤਿੰਨਾਂ ਪਾਰਟੀਆਂ ਨੂੰ ਮੂੰਹ ਦੀ ਖੁਆਉਣ।