You are currently viewing ਲੋਕ ਸੇਵਾ ਦੇ ਨਾਂ ਤੇ ਅਰਬਾਂਪਤੀ ਬਣੇ ਲੀਡਰਾਂ ਨੂੰ ਘਰੇ ਭੇਜਣ ਦਾ ਢੁਕਵਾਂ ਮੌਕਾ: ਜਥੇਦਾਰ ਖੁੱਡੀਆਂ

ਲੋਕ ਸੇਵਾ ਦੇ ਨਾਂ ਤੇ ਅਰਬਾਂਪਤੀ ਬਣੇ ਲੀਡਰਾਂ ਨੂੰ ਘਰੇ ਭੇਜਣ ਦਾ ਢੁਕਵਾਂ ਮੌਕਾ: ਜਥੇਦਾਰ ਖੁੱਡੀਆਂ

ਲੋਕ ਸੇਵਾ ਦੇ ਨਾਂ ਤੇ ਅਰਬਾਂਪਤੀ ਬਣੇ ਲੀਡਰਾਂ ਨੂੰ ਘਰੇ ਭੇਜਣ ਦਾ ਢੁਕਵਾਂ ਮੌਕਾ: ਜਥੇਦਾਰ ਖੁੱਡੀਆਂ
ਰਵਾਇਤੀ ਪਾਰਟੀਆਂ ਦੇ ਆਗੂਆਂ ਨੇ ਲੋਕਾਂ ਨੂੰ ਲੁੱਟ ਕੇ ਬਣਾਈ ਜਾਇਦਾਦ
ਬਠਿੰਡਾ, 28 ਅਪ੍ਰੈਲ ():-ਸੂਬੇ ਦੀਆਂ ਰਵਾਇਤੀ ਪਾਰਟੀਆਂ ਦੇ ਆਗੂਆਂ ਨੇ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਲੋਕਾਂ ਦੀ ਲੁੱਟ ਕਰਦਿਆਂ ਅਰਬਾਂ ਦੀਆਂ ਜਾਇਦਾਦਾਂ ਇਕੱਠੀਆਂ ਕੀਤੀਆਂ ਹਨ। ਹੁਣ ਲੋਕ ਸਭਾ ਚੋਣਾਂ ਦੌਰਾਨ ਢੁਕਵਾ ਮੌਕਾ ਹੈ ਕਿ ਲੋਕ ਸੇਵਾ ਦੇ ਨਾਂ ਤੇ ਲੋਕਾਂ ਨੂੰ ਧੋਖਾ ਦੇ ਕੇ ਅਰਬਾਂਪਤੀ ਬਣੇ ਅਜਿਹੇ ਲੀਡਰਾਂ ਨੂੰ ਹਰਾ ਕੇ ਘਰ ਭੇਜ ਦਿੱਤਾ ਜਾਵੇ। ਇਹ ਵਿਚਾਰ ਬਠਿੰਡਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਵੱਖ-ਵੱਖ ਪਿੰਡਾਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਅਸਲ ਵਿੱਚ ਇਸ ਤੋਂ ਪਹਿਲਾਂ ਵੱਖ-ਵੱਖ ਰਵਾਇਤੀ ਪਾਰਟੀਆਂ ਦੇ ਆਗੂ ਪੰਜਾਬ ਨੂੰ ਦੋਵੇਂ ਹੱਥੀ ਲੁੱਟਦੇ ਆਏ ਹਨ। ਆਜ਼ਾਦੀ ਤੋਂ ਬਾਅਦ ਸਿਆਸਤ ਕਰਨ ਵਾਲੇ ਆਗੂਆਂ ਦੀ ਵਧੀ ਹੋਈ ਜਾਇਦਾਦ ਤੁਸੀਂ ਆਪ ਦੇਖ ਸਕਦੇ ਹੋ। ਖੁੱਡੀਆਂ ਨੇ ਕਿਹਾ ਕਿ ਉਹਨਾਂ ਦੇ ਪਿਤਾ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਵੀ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਤੋਂ ਸਿਆਸਤ ਕਰਦੇ ਆ ਰਹੇ ਸਨ, ਪਰ ਸਾਡੇ ਮੁਕਾਬਲੇ ਬਾਦਲ ਪਰਿਵਾਰ ਦੀ ਜਾਇਦਾਦ ਦੇਖੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਸਾਡਾ ਪਰਿਵਾਰ ਉਥੇ ਹੀ ਖੜਾ ਹੈ ਜਦੋਂ ਕਿ ਬਾਦਲ ਪਰਿਵਾਰ ਨੇ ਵੱਡੇ ਵੱਡੇ ਹੋਟਲ ਟਰਾਂਸਪੋਰਟ ਅਤੇ ਹੋਰ ਕਾਰੋਬਾਰ ਲੋਕਾਂ ਦੀ ਲੁੱਟ ਕਰਕੇ ਖੜੇ ਕੀਤੇ ਹਨ। ਉਹਨਾਂ ਕਿਹਾ ਕਿ ਅਜਿਹਾ ਹੀ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਪੰਜਾਬ ਨਾਲ ਕੀਤਾ ਹੈ। ਉਹਨਾਂ ਲੋਕਾਂ ਨੂੰ ਸੰਬੋਧਨ ਹੁੰਦੇ ਆ ਕਿਹਾ ਕਿ ਹੁਣ ਢੁਕਵਾ ਸਮਾਂ ਆ ਗਿਆ ਹੈ ਕਿ ਪੰਜਾਬ ਦੀ ਲੁੱਟ ਕਰਕੇ ਆਪਣੇ ਕਾਰੋਬਾਰ ਖੜੇ ਕਰਨ ਵਾਲੇ ਅਜਿਹੇ ਲੀਡਰਾਂ ਨੂੰ ਹਰਾ ਕੇ ਘਰ ਬਿਠਾ ਦਿੱਤਾ ਜਾਵੇ। ਜਥੇਦਾਰ ਖੁੱਡੀਆਂ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਦਾ ਕੰਮ ਸੂਬੇ ਨਾਲ ਹੋਣ ਵਾਲੇ ਧੱਕੇ ਖਿਲਾਫ ਲੜਾਈ ਲੜਨਾ ਹੁੰਦਾ ਹੈ, ਪਰ ਪਿਛਲੇ ਸਮੇਂ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸੂਬੇ ਨਾਲ ਕੀਤੇ ਜਾਣ ਵਾਲੇ ਧੱਕਿਆ ਵਿੱਚ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਭਾਈਵਾਲ ਬਣਦੇ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਮਤਲਬ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਉਣਾ ਹੋਵੇਗਾ, ਕਿਉਂਕਿ ਇਹ ਦੋਵੇਂ ਪਾਰਟੀਆਂ ਅੰਦਰੋਂ ਘਿਓ ਖਿਚੜੀ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਤੋਂ ਪਰਮਿਟ, ਵੱਡੇ ਉਦਯੋਗ ਲਾਉਣ, ਵੱਡੇ ਹੋਟਲਾਂ ਲਈ ਜਮੀਨ ਲੈਣ ਸਮੇਤ ਹੋਰ ਨਿੱਜੀ ਕੰਮ ਲੈਣ ਵਾਲੇ ਮੈਂਬਰ ਪਾਰਲੀਮੈਂਟ ਕਦੇ ਵੀ ਕੇਂਦਰ ਸਰਕਾਰ ਖਿਲਾਫ ਨਹੀਂ ਬੋਲ ਸਕਣਗੇ। ਇਹੀ ਕਾਰਨ ਹੈ ਕਿ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣਾ ਚਾਹੀਦਾ ਹੈ ਤਾਂ ਜੋ ਉਹ ਉੱਥੇ ਲੋਕਾਂ ਦੀ ਆਵਾਜ਼ ਨੂੰ ਚੁੱਕ ਸਕਣ। ਉਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਭੇਦ ਭਵ ਹਰ ਪਰਿਵਾਰ ਨੂੰ 600 ਯੂਨਿਟ ਬਿਜਲੀ ਮੁਫਤ ਦਿੱਤੀ ਗਈ ਹੈ। ਜਦੋਂ ਕਿ ਆਮ ਆਦਮੀ ਕਲੀਨਿਕ ਲੋਕਾਂ ਲਈ ਕਾਫੀ ਫਾਇਦੇਮੰਦ ਹੋਏ ਹਨ। ਸਕੂਲ ਆਫ ਐਮੀਨੈਂਸ ਵਿਦਿਆਰਥੀਆਂ ਦੇ ਭਵਿੱਖ ਲਈ ਰੌਸ਼ਨੀ ਦੀ ਕਿਰਨ ਹਨ ਜਦੋਂ ਕਿ ਇਹ ਪਹਿਲੀ ਸਰਕਾਰ ਹੈ ਜਿਸਨੇ ਟੇਲਾਂ ਉੱਪਰ ਨਹਿਰੀ ਪਾਣੀ ਪਹੁੰਚਾ ਕੇ ਕਿਸਾਨੀ ਨੂੰ ਖੁਸ਼ਹਾਲ ਕਰਨ ਦਾ ਯਤਨ ਕੀਤਾ ਹੈ। ਇਸ ਮੌਕੇ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਆਖਿਆ ਕਿ ਬਠਿੰਡਾ ਲੋਕ ਸਭਾ ਹਲਕੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦਾ ਇਥੋਂ ਜਿੱਤਣਾ ਬਹੁਤ ਜਰੂਰੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵੋਟਾਂ ਪਾ ਕੇ ਜਥੇਦਾਰ ਖੁੱਡੀਆਂ ਨੂੰ ਪਾਰਲੀਮੈਂਟ ਵਿੱਚ ਭੇਜਣ।