–1115.74 ਕਰੋੜ ਰੁਪਏ ਦੀ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ ਅਦਾਇਗੀ : ਜਸਪ੍ਰੀਤ ਸਿੰਘ
ਬਠਿੰਡਾ, 28 ਅਪ੍ਰੈਲ : ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਨੇ ਜ਼ਿਲ੍ਹੇ ਅੰਦਰ ਚੱਲ ਰਹੀ ਕਣਕ ਦੀ ਖ੍ਰੀਦ ਦੇ ਮੱਦੇਨਜ਼ਰ ਦੱਸਿਆ ਕਿ ਮੌਜੂਦਾ ਸਮੇਂ ਮੰਡੀਆਂ ਵਿੱਚ ਕਣਕ ਦੀ ਆਮਦ ਜ਼ੋਰਾਂ ਤੇ ਹੋਣ ਕਾਰਨ ਖਰੀਦ ਅਤੇ ਲਿਫਟਿੰਗ ਦਾ ਕੰਮ ਨਿਰਵਿਘਨ ਚੱਲ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 28 ਅਪ੍ਰੈਲ 2024 ਤੱਕ ਜ਼ਿਲ੍ਹੇ ਦੀਆਂ ਮੰਡੀਆਂ ਚ 558227 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਵੱਖ-ਵੱਖ ਏਜੰਸੀਆਂ ਦੁਆਰਾ ਕੀਤੀ ਗਈ ਹੈ। ਜਿਸ ਬਦਲੇ ਕਿਸਾਨਾਂ ਨੂੰ 1115.74 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ ਜੋ ਕਿ 114.35 ਫ਼ੀਸਦੀ ਬਣਦੀ ਹੈ।
ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸਗੋਂ ਇਸ ਨੂੰ ਜ਼ਮੀਨ ਚ ਹੀ ਮਿਲਾ ਕੇ ਖਾਦ ਦੇ ਤੌਰ ਤੇ ਵਰਤਣ। ਕਣਕ ਦੀ ਪਰਾਲੀ ਨੂੰ ਸਾੜਨ ਨਾਲ ਜਿੱਥੇ ਵਾਤਾਵਰਨ ਗੰਧਲਾ ਹੁੰਦਾ ਹੈ, ਉੱਥੇ ਹੀ ਮਨੁੱਖੀ ਸਿਹਤ ਤੇ ਮਾੜੇ ਪ੍ਰਭਾਵ ਪੈਂਦੇ ਹਨ।
ਖ਼ਰੀਦ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਫੂਡ ਤੇ ਸਪਲਾਈ ਕੰਟਰੋਲਰ ਮੈਡਮ ਰੂਪਪ੍ਰੀਤ ਕੌਰ ਨੇ ਦੱਸਿਆ ਕਿ ਅੱਜ ਤੱਕ ਪਨਗ੍ਰੇਨ ਵੱਲੋਂ 186362 ਮੀਟ੍ਰਿਕ ਟਨ, ਮਾਰਕਫ਼ੈਡ ਵੱਲੋਂ 129162 , ਪਨਸਪ ਵੱਲੋਂ 128699, ਵੇਅਰਹਾਊਸ ਵੱਲੋਂ 100230 ਤੇ ਪ੍ਰਾਈਵੇਟ ਵਪਾਰੀਆਂ ਵਲੋਂ 13774 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ।