You are currently viewing ਖੇਤੀਬਾੜੀ ਵਿਭਾਗ ਵੱਲੋਂ ਫਸਲਾਂ ਸਬੰਧੀ ਕਿਸਾਨ ਸਿਖਲਾਈ ਕੈਂਪ ਆਯੋਜਿਤ

ਖੇਤੀਬਾੜੀ ਵਿਭਾਗ ਵੱਲੋਂ ਫਸਲਾਂ ਸਬੰਧੀ ਕਿਸਾਨ ਸਿਖਲਾਈ ਕੈਂਪ ਆਯੋਜਿਤ

–ਖੇਤੀਬਾੜੀ ਵਿਭਾਗ ਵੱਲੋਂ ਫਸਲਾਂ ਸਬੰਧੀ ਕਿਸਾਨ ਸਿਖਲਾਈ ਕੈਂਪ ਆਯੋਜਿਤ
ਬਠਿੰਡਾ, 27 ਅਪ੍ਰੈਲ : ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਨਰਮੇ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਅਤੇ ਸਾਉਣੀ ਦੀਆਂ ਫ਼ਸਲਾਂ ਸਬੰਧੀ ਪਿੰਡ ਪੱਧਰੀ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਤਹਿਤ ਸਰਕਲ ਬੱਲੂਆਣਾ ਦੇ ਪਿੰਡ ਸਰਦਾਰਗੜ ਅਤੇ ਕਰਮਗੜ ਸ਼ਤਰਾਂ ਵਿਖੇ ਡਾ. ਬਲਜਿੰਦਰ ਸਿੰਘ ਖੇਤੀਬਾੜੀ ਅਫ਼ਸਰ, ਬਲਾਕ ਬਠਿੰਡਾ ਦੀ ਯੋਗ ਅਗਵਾਈ ਹੇਠ ਕੈਂਪ ਲਗਾਇਆ ਗਿਆ।
ਕੈਂਪ ਦੌਰਾਨ ਡਾ. ਲਵਪ੍ਰੀਤ ਕੌਰ ਖੇਤੀਬਾੜੀ ਵਿਕਾਸ ਅਫ਼ਸਰ ਬੱਲੂਆਣਾ ਨੇ ਨਰਮੇ ਦੀ ਫ਼ਸਲ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਸਬੰਧੀ ਵਿਸਥਾਰ ਨਾਲ ਦੱਸਿਆ। ਉਨ੍ਹਾਂ ਦੱਸਿਆ ਕੇ ਨਰਮੇ ਦੀਆਂ ਪੁਰਾਣੀਆਂ ਛਿਟੀਆਂ ਨੂੰ ਖੇਤਾਂ ਦੇ ਕਿਨਾਰੇ ਨਹੀਂ ਰੱਖਣਾ ਚਾਹੀਦਾ ਤੇ ਛਿਟੀਆਂ ਝਾੜ ਕੇ ਸਿੱਧੀਆਂ ਖੜ੍ਹੀਆਂ ਕਰਕੇ ਰੱਖਣੀਆਂ ਚਾਹੀਦੀਆਂ ਹਨ ਅਤੇ ਇਨ੍ਹਾਂ ਦੀ ਰਹਿੰਦ-ਖੂਹੰਦ ਨੂੰ ਅੱਗ ਲਗਾ ਦਿੱਤੀ ਜਾਵੇ। ਨਰਮੇ ਦੀ ਅਗੇਤੀ ਬਿਜਾਈ ਨਾ ਕੀਤੀ ਜਾਵੇ ਤਾਂ ਜੋ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਅੱਗੇ ਦੱਸਿਆ ਕਿ ਕਿਸਾਨਾਂ ਨੂੰ ਕਣਕ ਦਾ ਬੀਜ ਆਪਣੇ ਪੱਧਰ ਉਪਰ ਆਪਣੇ ਖੇਤ ਵਿੱਚ ਹੀ ਤਿਆਰ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਬੀਜ ਬਜ਼ਾਰ ਵਿੱਚੋਂ ਨਾ ਖਰੀਦਣਾ ਪਵੇ। ਝੋਨੇ ਦੀ ਸਿੱਧੀ ਬਿਜਾਈ ਸਬੰਧੀ ਵਿਸਥਾਰ ਨਾਲ ਦਸਦਿਆਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਧਰਤੀ ਦੇ ਡੂੰਘੇ ਹੋ ਰਹੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ।
ਖੇਤੀਬਾੜੀ ਉਪ-ਨਿਰਿਖਕ ਅਮਨਵੀਰ ਕੌਰ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਦੇ ਹੋਏ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਅਤੇ ਇਸ ਨੂੰ ਖੇਤ ਵਿੱਚ ਹੀ ਵਾਹ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਸਾਨ ਵੀਰਾਂ ਨੂੰ ਖੇਤੀ ਸਾਹਿਤ ਅਤੇ ਖੇਤੀਬਾੜੀ ਵਿਭਾਗ ਨਾਲ ਜੁੜਨ ਲਈ ਜਾਗਰੂਕ ਕੀਤਾ ਅਤੇ ਆਉਂਦੇ ਸਮੇਂ ਵਿੱਚ ਝੋਨੇ ਹੇਠਾਂ ਰਕਬਾ ਘਟਾ ਕੇ ਨਰਮੇ ਅਤੇ ਸਾਉਣੀ ਰੁੱਤ ਦੀ ਮੱਕੀ ਦੀ ਬਿਜਾਈ ਕਰਨ ਲਈ ਵੀ ਪ੍ਰੇਰਿਤ ਕੀਤਾ।
ਇਸ ਕੈਂਪ ਵਿੱਚ ਪਿੰਡ ਦੇ ਲਗਭਗ 60 ਤੋਂ ਵੱਧ ਅਗਾਂਹਵਧੂ ਕਿਸਾਨ ਹਾਜ਼ਰ ਰਹੇ।