ਲੋਕ ਸਭਾ ਚੋਣਾਂ-2024
ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਜਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਕੀਤਾ ਫਲੈਗ ਮਾਰਚ
ਬਠਿੰਡਾ, 1 ਅਪ੍ਰੈਲ – ਲੋਕ ਸਭਾ ਚੋਣਾਂ-2024 ਦੇ ਮੱਦੇਨਜਰ ਜਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਤੇ ਐੱਸ.ਐੱਸ.ਪੀ ਸ਼੍ਰੀ ਦੀਪਕ ਪਾਰੀਕ ਦੀ ਯੋਗ ਅਗਵਾਈ ਹੇਠ ਜਿਲ੍ਹੇ ਵਿੱਚ ਸ਼ਰਾਰਤੀ ਤੇ ਮਾੜੇ ਅਨਸਰਾਂ ਉੱਤੇ ਨਕੇਲ ਕੱਸਣ ਲਈ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ ਗਿਆ।
ਇਸ ਮੌਕੇ ਜਿਲਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਲੇ ਅੰਦਰ ਲੋਕ ਸਭਾ ਦੀਆਂ ਚੋਣਾਂ-2024 ਨੂੰ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚਾੜਨ ਲਈ ਇਹ ਫਲੈਗ ਮਾਰਚ ਕੱਢਿਆ ਗਿਆ ਹੈ। ਉਨਾਂ ਇਹ ਵੀ ਦੱਸਿਆ ਕਿ ਫਲੈਗ ਮਾਰਚ ਸ਼ਹਿਰਾਂ ਕਸਬਿਆਂ ਤੋਂ ਇਲਾਵਾ ਪਿੰਡਾਂ ਤੱਕ ਪਹੁੰਚਾਇਆ ਜਾਵੇਗਾ।
ਇਸ ਦੌਰਾਨ ਸ. ਜਸਪ੍ਰੀਤ ਸਿੰਘ ਨੇ ਜਿਲਾ ਵਾਸੀਆ ਨੂੰ ਪੁਰਜੋਰ ਅਪੀਲ ਕਰਦਿਆ ਕਿਹਾ ਕਿ ਸ਼ਹਿਰ ਅੰਦਰ ਜੇਕਰ ਕੋਈ ਵੀ ਸ਼ਰਾਰਤੀ ਅਨਸਰ ਮਿਲਦਾ ਹੈ ਤਾਂ ਜਿਲ੍ਹਾ ਪ੍ਰਸਾਸਨ ਦੇ ਧਿਆਨ ਚ ਲਿਆਂਦਾ ਜਾਵੇ ਤਾਂ ਜੋ ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕੇ। ਇਸ ਦੌਰਾਨ ਜਿਲਾ ਚੋਣ ਅਫਸਰ ਨੇ ਸਥਾਨਕ ਐਸਐਸਡੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚ ਬਣੇ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਜਾਇਜ਼ਾ ਵੀ ਲਿਆ।
ਇਸ ਮੌਕੇ ਐੱਸ.ਐੱਸ.ਪੀ ਸ਼੍ਰੀ ਦੀਪਕ ਪਾਰੀਕ ਨੇ ਕਿਹਾ ਕਿ ਪੀ.ਸੀ.ਆਰ ਵੱਲੋਂ ਦਿਨ-ਰਾਤ ਪੈਟਰੋਲਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਚੋਣਾਂ ਨੂੰ ਕਾਨੂੰਨ ਦੇ ਦਾਇਰੇ ਚ ਰਹਿ ਕੇ ਨਿਰਪੱਖ ਤੇ ਸਫ਼ਲਤਾਪੂਰਵਕ ਢੰਗ ਨਾਲ ਨੇਪਰੇ ਚਾੜਿਆ ਜਾਵੇਗਾ।
ਕੱਢੇ ਗਏ ਫਲੈਗ ਮਾਰਚ ਚ 3 ਐੱਸ.ਪੀ, 8 ਡੀ.ਐੱਸ.ਪੀ, 8 ਐੱਸ.ਐਚ.ਓਜ, ਸੀ.ਏ.ਪੀ.ਐੱਫ.ਦੀਆਂ ਟੀਮਾਂ ਤੇ ਪੁਲਿਸ ਦੇ ਕਰੀਬ 500 ਕਰਮਚਾਰੀ ਆਦਿ ਹਾਜਰ ਸਨ। ਇਹ ਫਲੈਗ ਮਾਰਚ ਪੁਲਿਸ ਲਾਈਨ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮਾਡਲ ਟਾਊਨ ਫੇਸ-1, ਘੋੜਾ ਚੌਂਕ, ਧੋਬੀ ਬਜਾਰ, ਰੇਲਵੇ ਸਟੇਸ਼ਨ ਤੋਂ ਮਾਲ ਰੋਡ ਹੁੰਦਾ ਹੋਇਆ ਫਾਇਰ ਬ੍ਰਿਗੇਡ ਚੌਂਕ ਵਿਖੇ ਸਮਾਪਤ ਹੋਇਆ।