ਨਜਾਇਜ਼ ਸ਼ਰਾਬ ਦੀ ਵਰਤੋਂ ਨੂੰ ਰੋਕਣ ਲਈ ਚਲਾਈ ਜਾਗੁਰਕਤਾ ਮੁਹਿੰਮ
ਬਠਿੰਡਾ, 26ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਤੇ ਸੂਬੇ ਦੇ ਅਬਾਕਾਰੀ ਤੇ ਕਰ ਭਾਗ ਦੇ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਕਸਾਈਜ਼ ਵਿਭਾਗ ਵੱਲੋਂ ਅੱਜ ਜਿਲੇ ਦੇ ਵਿੱਚ ਨਜਾਇਜ਼ ਸ਼ਰਾਬ ਦੀ ਵਰਤੋਂ ਨੂੰ ਰੋਕਣ ਲਈ ਇੱਕ ਜਾਗਰੂਕਤਾ ਮੁਹਿੰਮ ਚਲਾਈ ਗਈ। ਐਕਸਾਈਜ਼ ਵਿਭਾਗ ਦੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਜ਼ੋਨ ਪਵਨਜੀਤ ਸਿੰਘ ਦੀ ਰਹਿਨੁਮਾਈ ਅਤੇ ਸਹਾਇਕ ਕਮਿਸ਼ਨਰ ਅਬਾਕਾਰੀ ਉਮੇਸ਼ ਭੰਡਾਰੀ ਬਠਿੰਡਾ ਰੇਂਜ ਦੀ ਨਿਗਰਾਨੀ ਅਤੇ ਅਬਾਕਾਰੀ ਅਫਸਰ ਬਰਿੰਦਰਪਾਲ ਸਿੰਘ ਮੌੜ ਅਤੇ ਮਨੀਸ਼ ਗੋਇਲ ਦੀ ਅਗਵਾਈ ਹੇਠ ਵਿੱਢੀ ਇਸ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਤੇ ਸਲੰਮ ਬਸਤੀਆਂ ਵਿੱਚ ਆਮ ਲੋਕਾਂ ਨੂੰ ਨਜਾਇਜ਼ ਅਤੇ ਗੈਰ ਕਾਨੂੰਨੀ ਸ਼ਰਾਬ ਦੀ ਵਰਤੋਂ ਦੇ ਕਾਰਨ ਹੋਣ ਵਾਲੇ ਨੁਕਸਾਨ ਬਾਰੇ ਜਾਣੂ ਕਰਵਾਇਆ ਗਿਆ। ਇਸ ਦੌਰਾਨ ਬਠਿੰਡਾ ਦੀ ਧੋਬੀਆਣਾ ਬਸਤੀ ਦੇ ਵਿੱਚ ਪੁਲਿਸ ਵਿਭਾਗ ਦੇ ਸਹਿਯੋਗ ਦੇ ਨਾਲ ਚਲਾਈ ਇਸ ਮੁਹਿੰਮ ਦੇ ਦੌਰਾਨ ਨਜਾਇਜ਼ ਸ਼ਰਾਬ ਦੀ ਵਰਤੋਂ ਨਾ ਕਰਨ ਅਤੇ ਇਸਦੀ ਸਪਲਾਈ ਨੂੰ ਰੋਕਣ ਦੇ ਲਈ ਸੂਚਨਾ ਦੇਣ ਲਈ ਆਮ ਜਨਤਾ ਨੂੰ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਗਈ। ਇਸ ਦੌਰਾਨ ਅੱਜ ਵਿਸ਼ੇਸ਼ ਡੀਜੀਪੀ ਅਮਨ ਤੇ ਕਾਨੂੰਨ ਸ੍ਰੀ ਅਰਪਤ ਸ਼ੁਕਲਾ ਐਫ ਸੀ ਟੀ ਸ੍ਰੀ ਵਿਕਾਸ ਪ੍ਰਤਾਪ ਅਤੇ ਆਬਕਾਰੀ ਕਮਿਸ਼ਨਰ ਸ੍ਰੀ ਵਰੂਨ ਰੂਜਮ ਦੀ ਅਗਵਾਈ ਹੇਠ ਇੱਕ ਵੀਡੀਓ ਕਾਨਫਰੰਸ ਦੇ ਵਿੱਚ ਵੀ ਨਜਾਇਜ਼ ਸ਼ਰਾਬ ਦੀ ਵਰਤੋਂ ਨੂੰ ਰੋਕਣ ਦੇ ਲਈ ਚਰਚਾ ਕੀਤੀ ਗਈ ਜਿਸ ਦੇ ਵਿੱਚ ਸਮੂਹ ਜਿਲਿਆਂ ਦੇ ਐਸਐਸਪੀ ਡਿਪਟੀ ਕਮਿਸ਼ਨਰ ਅਤੇ ਅਬਾਕਾਰੀ ਅਫਸਰ ਵੀ ਸ਼ਾਮਿਲ ਹੋਏ।