ਲੋਕਤੰਤਰ ਦੀ ਮਜ਼ਬੂਤੀ ਲਈ ਹਰੇਕ ਵੋਟਰ ਕਰੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ : ਜਸਪ੍ਰੀਤ ਸਿੰਘ
· ਕਾਲਜਾਂ ਦੇ ਕੈਂਪਸ ਐਂਬਸਡਰਾਂ ਨਾਲ ਸਵੀਪ ਗਤੀਵਿਧੀਆਂ ਤਹਿਤ ਮੀਟਿੰਗ ਆਯੋਜਿਤ
ਬਠਿੰਡਾ, 15 ਮਾਰਚ : ਲੋਕਤੰਤਰ ਦੀ ਮਜ਼ਬੂਤੀ ਲਈ ਹਰੇਕ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਲਾਜ਼ਮੀ ਵਰਤੋਂ ਕਰੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਆਗਾਮੀ ਲੋਕ ਸਭਾ ਚੋਣਾਂ-2024 ਦੇ ਮੱਦੇਨਜਰ ਜ਼ਿਲ੍ਹੇ ਅਧੀਨ ਪੈਂਦੇ ਵੱਖ-ਵੱਖ ਸਕੂਲਾਂ-ਕਾਲਜਾਂ ਦੇ ਕੈਂਪਸ ਐਂਬਸਡਰਾਂ ਨਾਲ ਸਵੀਪ ਗਤੀਵਿਧੀਆਂ ਤਹਿਤ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਤੇ ਵੋਟ ਦੀ ਮਹੱਤਤਾਂ ਸਬੰਧੀ ਪ੍ਰੇਰਿਤ ਕਰਨ ਲਈ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਸਕੂਲਾਂ-ਕਾਲਜਾਂ ਦੇ ਕੈਂਪਸ ਐਂਬਸਡਰਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਲੋਕਤੰਤਰ ਪ੍ਰਣਾਲੀ ਵਿਚ ਵੋਟ ਦੀ ਬਹੁਤ ਵੱਡੀ ਅਹਿਮੀਅਤ ਹੈ। ਸਾਨੂੰ ਸਭ ਨੂੰ ਇਸ ਅਧਿਕਾਰ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਰ ਨਾਗਰਿਕ ਨੂੰ ਵੋਟ ਬਣਵਾਉਣ ਅਤੇ ਇਸ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਵੋਟਿੰਗ ਪ੍ਰਤੀਸ਼ਤਤਾ ਦਰਜ ਕੀਤੀ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਸਕੂਲਾਂ-ਕਾਲਜਾਂ ਦੇ ਕੈਂਪਸ ਐਂਬਸਡਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਐਂਬਸਡਰ ਨੇ ਆਪਣੀ ਅਜੇ ਤੱਕ ਵੋਟ ਨਹੀਂ ਬਣਾਈ ਤਾਂ ਉਹ ਸਭ ਤੋਂ ਪਹਿਲਾਂ ਆਪਣੀ ਵੋਟ ਬਣਾਉਣੀ ਯਕੀਨੀ ਬਣਾਉਣ। ਉਨ੍ਹਾਂ ਇਹ ਵੀ ਕਿਹਾ ਕਿ ਵਿੱਦਿਅਕ ਅਦਾਰਿਆਂ ਅੰਦਰ ਵੋਟਰ ਜਾਗਰੂਕਤਾ ਮੁਹਿੰਮ ਦੀ ਬਹੁਤ ਅਹਿਮ ਲੋੜ ਹੁੰਦੀ ਹੈ। ਸਵੀਪ ਗਤੀਵਿਧੀਆਂ ਤਹਿਤ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਜਾਣੂ ਕਰਵਾਇਆ ਜਾਵੇ ਤਾਂ ਜੋ ਉਹ ਸਮਾਜ ਨੂੰ ਵੋਟ ਦੇ ਅਧਿਕਾਰ ਤੋਂ ਜਾਣੂ ਕਰਵਾ ਸਕਣ।
ਇਸ ਮੌਕੇ ਡਿਪਟੀ ਕਮਿਸ਼ਨਰ ਵੋਟ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਸਭ ਨੂੰ ਭਾਰਤੀ ਲੋਕਤੰਤਰ ਦੀ ਮਜ਼ਬੂਤੀ ਲਈ ਵੱਧ ਤੋਂ ਵੱਧ ਆਪਣੀ ਵੋਟ ਦੇ ਅਧਿਕਾਰ ਦਾ ਸੁਤੰਤਰ, ਨਿਰਪੱਖ, ਸ਼ਾਂਤਮਈ, ਬਿਨਾਂ ਡਰ ਭੈਅ, ਧਰਮ, ਵਰਗ, ਜਾਤੀ, ਭਾਈਚਾਰੇ, ਭਾਸ਼ਾ ਜਾਂ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਇਸਤੇਮਾਲ ਕਰਨਾ ਚਾਹੀਦਾ ਹੈ।
ਇਸ ਮੌਕੇ ਸਵੀਪ ਗਤੀਵਿਧੀਆ ਦੇ ਜ਼ਿਲ੍ਹਾ ਨੋਡਲ ਅਫ਼ਸਰ ਸ਼੍ਰੀ ਸੁਰੇਸ਼ ਗੌੜ, ਡੀਡੀਐਫ਼ ਸ਼੍ਰੀ ਸੁਜੀਤ ਕਿਸ਼ਨ ਤੋਂ ਇਲਾਵਾ ਵੱਖ-ਵੱਖ ਸਕੂਲਾਂ-ਕਾਲਜਾਂ ਦੇ ਕੈਂਪਸ ਐਂਬਸਡਰ ਆਦਿ ਹਾਜ਼ਰ ਸਨ।