ਖੇਤੀ ਭਵਨ ਵਿਖੇ ਕੀਤੀ ਗਈ ਰੀਵਿਊ ਮੀਟਿੰਗ
ਬਠਿੰਡਾ, 9 ਮਾਰਚ : ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸਥਾਨਕ ਖੇਤੀ ਭਵਨ ਵਿਖੇ ਜ਼ਿਲ੍ਹੇ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦੀ ਰਿਵਿਊ ਮੀਟਿੰਗ ਹੋਈ। ਇਸ ਦੌਰਾਨ ਸਕੀਮਾਂ ਦੇ ਇੰਚਾਰਜਾਂ ਨੇ ਟੀਚਿਆਂ ਮੁਤਾਬਕ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਬਾਰੇ ਦੱਸਿਆ ਕੇ ਜ਼ਿਲ੍ਹੇ ਵਿੱਚ ਕੁਆਲਟੀ ਕੰਟਰੋਲ ਅਧੀਨ ਹੁਣ ਤੱਕ ਸੀਡ ਐਕਟ ਦੇ 450 ਸੈਂਪਲਾਂ ਵਿੱਚੋਂ 363 ਸੈਂਪਲ, ਕੈਮੀਕਲ ਖਾਦਾਂ ਦੇ 264 ਸੈਂਪਲਾਂ ਵਿੱਚੋਂ 221 ਸੈਂਪਲ ਅਤੇ ਕੀੜੇਮਾਰ ਦਵਾਈਆਂ ਦੇ 425 ਸੈਂਪਲਾਂ ਵਿੱਚੋਂ 305 ਸੈਂਪਲ ਭਰੇ ਜਾ ਚੁੱਕੇ ਹਨ।
ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕੇ ਬਾਕੀ ਰਹਿੰਦੇ ਟੀਚੇ 31 ਮਾਰਚ ਤੋਂ ਪਹਿਲਾ-ਪਹਿਲਾਂ ਪੂਰੇ ਕਰ ਲਏ ਜਾਣ। ਇਸੇ ਤਰ੍ਹਾਂ ਸਾਲ 2023-24 ਵਿੱਚ ਮਿੱਟੀ ਦੇ ਸੈਂਪਲਾਂ ਦਾ ਕੁੱਲ ਟੀਚਾ 15000 ਸੀ, ਜਿਸ ਵਿੱਚੋਂ 7226 ਸੈਂਪਲ ਛੋਟੇ ਤੱਤਾਂ ਦੀ ਟੈਸਟਿੰਗ ਲਈ ਸੰਗਰੂਰ ਲੈਬ ਵਿਖੇ ਭੇਜੇ ਜਾ ਚੁੱਕੇ ਹਨ। ਖੇਤੀਬਾੜੀ ਗਣਨਾ ਸਕੀਮ ਅਧੀਨ 304 ਪਿੰਡਾਂ ਵਿੱਚੋਂ 224 ਪਿੰਡਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸੇ ਤਰਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਜਿਲ੍ਹਾ ਬਠਿੰਡਾ ਵਿੱਚ 119529 ਕਿਸਾਨਾਂ ਵਿੱਚੋਂ 75757 (63%) ਦੀ ਈ.ਕੇ.ਵਾਈ.ਸੀ. ਕੰਪਲੀਟ ਹੋ ਚੁੱਕੀ ਹੈ। ਪ੍ਰਧਾਨ ਜੀ ਨੇ ਕਿਹਾ ਕਿ ਕੰਮਾਂ ਵਿੱਚ ਤੇਜੀ ਲਿਆਂਦੀ ਜਾਵੇ ਤਾਂ ਜੋ ਸਮੇਂ-ਸਿਰ ਟੀਚੇ ਪੂਰੇ ਹੋ ਜਾਣ।
ਉਨ੍ਹਾਂ ਨਰਮੇ ਦੀ ਫਸਲ ਲਈ ਅਗਾਊਂ ਪ੍ਰਬੰਧਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਿੱਟੀ ਮੱਖੀ ਦੇ ਹਮਲੇ ਤੋਂ ਫ਼ਸਲ ਨੂੰ ਬਚਾਉਣ ਲਈ ਨਦੀਨ ਨਸ਼ਟ ਮੁਹਿੰਮ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜਰਨਲ) ਨਾਲ ਵੀ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਮੀਟਿੰਗ ਕੀਤੀ ਦਾ ਚੁੱਕੀ ਹੈ। ਇਸ ਕੰਮ ਲਈ ਬਲਾਕ ਅਤੇ ਸਰਕਲ ਪੱਧਰੀ ਟੀਮਾਂ ਦਾ ਗਠਨ ਵੀ ਕੀਤਾ ਜਾ ਚੁੱਕਾ ਹੈ ।
ਉਨ੍ਹਾਂ ਇਹ ਵੀ ਦੱਸਿਆ ਕਿ ਛਿਟੀਆਂ ਦੇ ਢੇਰਾਂ ਦੇ ਪ੍ਰਬੰਧਨ ਲਈ ਫੀਲਡ ਵਿੱਚ ਕੰਮ ਚੱਲ ਰਿਹਾ ਹੈ। ਇਸ ਲਈ ਵੀ ਕਿਸਾਨਾਂ ਨੂੰ ਕੈਂਪਾਂ ਤੇ ਨੁੱਕੜ ਮੀਟਿੰਗਾਂ ਰਾਹੀ ਜਾਗਰੂਕ ਕੀਤਾ ਜਾਵੇਗਾ ।ਇਸ ਤੋਂ ਇਲਾਵਾ ਸਾਉਣੀ 2024-25 ਲਈ ਨਰਮੇ ਹੇਠ ਰਕਬਾ ਵਧਾਉਣ ਲਈ ਵੀ ਪੂਰੀ ਵਿਉਂਤਬੰਦੀ ਉਲੀਕੀ ਜਾ ਚੁੱਕੀ ਹੈ। ਪੈਸਟ ਸਰਵੇਲੈਂਸ ਅਤੇ ਕੁਆਲਿਟੀ ਕੰਟਰੋਲ ਲਈ ਵੀ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ।