ਆਈ.ਐਚ.ਐਮ. ਵਿਖੇ ਜ਼ੈੱਡ ਸਰਟੀਫਿਕੇਸ਼ਨ ਰਜਿਸਟ੍ਰੇਸ਼ਨ ਕੈਂਪ 6 ਮਾਰਚ ਨੂੰ

ਬਠਿੰਡਾ, 5 ਮਾਰਚ: ( ਪੂਜਾ ਸਿੰਘ )

ਉਦਯੋਗ ਅਤੇ ਵਣਜ ਵਿਭਾਗ ਵੱਲੋਂ ਸਿਟੀ ਨੀਡਜ਼ ਇਨੋਵੇਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ 6 ਮਾਰਚ 2024 ਨੂੰ ਸਵੇਰੇ 11 ਵਜੇ ਸਥਾਨਕ ਆਈ.ਐਚ.ਐਮ. ਵਿਖੇ ਜ਼ੈੱਡ ਸਰਟੀਫਿਕੇਸ਼ਨ ਰਜਿਸਟ੍ਰੇਸ਼ਨ ਕੈਂਪ ਲਗਾਇਆ ਜਾਵੇਗਾ। ਇਹ ਜਾਣਕਾਰੀ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸ਼੍ਰੀ ਪ੍ਰੀਤਮਹਿੰਦਰ ਬਰਾੜ ਨੇ ਸਾਂਝੀ ਕੀਤੀ।

ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ੈੱਡ ਸਕੀਮ ਮਾਨਯੋਗ ਪ੍ਰਧਾਨ ਮੰਤਰੀ ਦੁਆਰਾ ਐਮ.ਐਸ.ਐਮ.ਈ. ਨੂੰ ਉਤਸ਼ਾਹਿਤ ਕਰਨ, ਗੁਣਵੱਤਾ ਵਿੱਚ ਸੁਧਾਰ ਕਰਨ, ਪ੍ਰਦੂਸ਼ਣ ਅਤੇ ਊਰਜਾ ਦੀ ਖਪਤ ਨੂੰ ਘੱਟ ਕਰਨ ਲਈ ਸ਼ੁਰੂ ਕੀਤੀ ਗਈ ਸੀ ਅਤੇ ਇਹ ਸਕੀਮ ਆਕਰਸ਼ਕ ਪ੍ਰੋਤਸਾਹਨਾਂ ਨਾਲ ਭਰੀ ਹੋਈ ਹੈ। ਜ਼ੈੱਡ ਸਕੀਮ ਐਮ.ਐਸ.ਐਮ.ਈ. ਦੀ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ, ਮਾਲੀਆ ਵਧਾਉਣ, ਲਾਗਤ ਘਟਾਉਣ ਅਤੇ ਉਤਪਾਦਕਤਾ ਵਧਾਉਣ ਵਿੱਚ ਮੱਦਦ ਕਰਦੀ ਹੈ। ਐਮ.ਐਸ.ਐਮ.ਈ. ਲਈ ਕਾਂਸੀ ਪੱਧਰ ਦਾ ਪ੍ਰਮਾਣੀਕਰਨ ਬਿਲਕੁਲ ਮੁਫ਼ਤ ਹੈ। ਮਹਿਲਾ ਉੱਦਮੀਆਂ ਲਈ ਸਿਲਵਰ ਅਤੇ ਗੋਲਡ ਪ੍ਰਮਾਣੀਕਰਣ ਫੀਸ ਵੀ ਸਰਕਾਰ ਦੁਆਰਾ ਮੁਆਫ ਕੀਤੀ ਜਾਂਦੀ ਹੈ।

           ਉਨ੍ਹਾਂ ਅੱਗੇ ਦੱਸਿਆ ਕਿ ਉਦਯੋਗਾਂ ਲਈ ਜ਼ੈੱਡ ਸਕੀਮ ਦੇ ਕਾਫ਼ੀ ਲਾਭ ਹਨ ਜਿਵੇਂ ਬੀ.ਆਈ.ਐਸ. ਜਾਂ ਆਈ.ਐਸ.ਓ. ਦੇ ਗੁਣਵੱਤਾ ਪ੍ਰਮਾਣੀਕਰਣਾਂ ਲਈ 50,000 ਰੁਪਏ ਤੱਕ ਦਾ ਰਿਫੰਡ, ਭਾਰਤ ਸਰਕਾਰ ਦੇ ਜ਼ੈੱਡ ਪੋਰਟਲ ‘ਤੇ ਸੂਚੀਬੱਧ, ਬੈਂਕ ਕਰਜ਼ਿਆਂ ਵਿੱਚ ਰਿਆਇਤ, ਉਦਯੋਗ ਦੁਆਰਾ ਵਾਤਾਵਰਣ ਸੰਭਾਲ ਤਕਨੀਕਾਂ ‘ਤੇ 3 ਲੱਖ ਦੀ ਅਦਾਇਗੀ, ਮਸ਼ੀਨਰੀ ਅਪਗ੍ਰੇਡੇਸ਼ਨ ‘ਤੇ 5 ਲੱਖ ਦੀ ਅਦਾਇਗੀ, 5 ਸਾਲਾਂ ਲਈ ਭਾੜੇ ‘ਤੇ 20 ਲੱਖ ਦੀ ਅਦਾਇਗੀ, ਟੈਕਨਾਲੋਜੀ ਨੂੰ ਅਪਣਾਉਣ ‘ਤੇ 25 ਲੱਖ ਦੀ ਅਦਾਇਗੀ, ਪ੍ਰਦੂਸ਼ਣ ਨਿਯੰਤਰਣ ਉਪਕਰਣਾਂ ਦੀ ਸਥਾਪਨਾ ‘ਤੇ 25 ਲੱਖ ਦੀ ਅਦਾਇਗੀ, ਪੇਟੈਂਟ ਰਜਿਸਟ੍ਰੇਸ਼ਨ, ਆਡਿਟ ਅਤੇ ਗੁਣਵੱਤਾ ਪ੍ਰਮਾਣ ਪੱਤਰ ਆਦਿ ਲਈ ਅਦਾਇਗੀ।