You are currently viewing ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰਾਸਤੀ ਮੇਲੇ ਦਾ ਪੋਸਟਰ ਕੀਤਾ ਜਾਰੀ 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰਾਸਤੀ ਮੇਲੇ ਦਾ ਪੋਸਟਰ ਕੀਤਾ ਜਾਰੀ 

ਬਠਿੰਡਾ ਚ 9, 10 ਤੇ 11 ਫਰਵਰੀ ਨੂੰ ਹੋਵੇਗਾ ਵਿਰਾਸਤੀ ਮੇਲਾ

ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀਆਂ ਝਾਕੀਆਂ ਵਿਰਾਸਤੀ ਮੇਲੇ ਦਾ ਬਨਣਗੀਆਂ ਸ਼ਿੰਗਾਰ

ਪ੍ਰਸਿੱਧ ਸੂਫ਼ੀ ਗਾਇਕ ਕੰਵਰ ਗਰੇਵਾਲ ਸਮੇਤ ਹੋਰ ਗਾਇਕਾਂ ਵਲੋਂ ਕੀਤਾ ਜਾਵੇਗਾ ਆਪਣੀ ਕਲਾਂ ਦਾ ਪ੍ਰਦਰਸ਼ਨ

ਬਠਿੰਡਾ, 7 ਫ਼ਰਵਰੀ :(ਪੂਜਾ ਸਿੰਘ)

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਸੂਬਾ ਸਰਕਾਰ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਵਲੋਂ ਇੱਥੇ ਸਥਿਤ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ 9, 10 ਅਤੇ 11 ਫਰਵਰੀ 2024 ਨੂੰ ਕਰਵਾਏ ਜਾ ਰਹੇ ਵਿਰਾਸਤੀ ਮੇਲੇ ਦਾ ਪੋਸਟਰ ਜਾਰੀ ਕੀਤਾ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਤੇ ਪੰਜਾਬੀਅਤ ਦੇ ਪੁਰਾਣੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਪੁਰਾਣੀ ਵਿਰਾਸਤ ਦੀ ਸਾਂਭ-ਸੰਭਾਲ ਨੂੰ ਸਮਰਪਿਤ ਕਰਵਾਇਆ ਜਾ ਰਿਹਾ 17ਵਾਂ ਵਿਰਾਸਤੀ ਮੇਲਾ ਨੌਜਵਾਨ ਪੀੜ੍ਹੀ ਨੂੰ ਪੁਰਾਣੇ ਸੱਭਿਆਚਾਰ ਤੇ ਵਿਰਾਸਤ ਸਬੰਧੀ ਜਾਣਕਾਰੀ ਦੇਣ ਲਈ ਸਹਾਈ ਸਿੱਧ ਹੋਵੇਗਾ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੇਲੇ ਦੀ ਸ਼ੁਰੂਆਤ 9 ਫਰਵਰੀ ਨੂੰ ਸਵੇਰੇ 11:30 ਵਜੇ ਸਥਾਨਕ ਗੁਰੂਦੁਆਰਾ ਹਾਜੀ ਰਤਨ ਵਿਖੇ ਅਰਦਾਸ ਕਰਵਾਉਣ ਉਪਰੰਤ ਦਰਗਾਹ ਤੇ ਚਾਦਰ ਚੜ੍ਹਾਉਣ ਨਾਲ ਹੋਵੇਗੀ। ਇਸ ਮੌਕੇ ਇੱਥੋ ਹੀ ਵਿਰਾਸਤੀ ਕਾਫ਼ਲਾ ਕੱਢਿਆ ਜਾਵੇਗਾ, ਜਿਸ ਚ ਪੰਜਾਬ ਦੇ ਮਾਣਮੱਤੇ ਇਤਿਹਾਸ ਅਤੇ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀਆਂ ਝਾਕੀਆਂ ਇਸ ਕਾਫ਼ਲੇ ਦਾ ਸਿੰਗਾਰ ਬਨਣਗੀਆਂ।

ਇਸ ਤੋਂ ਇਲਾਵਾ ਇਸ ਕਾਫ਼ਲੇ ਚ ਪੁਰਾਤਨ ਤੇ ਵਿਰਾਸਤੀ ਵਸਤਾਂ ਅਤੇ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਨੂੰ ਦਰਸਾਉਂਦੀਆਂ ਹੋਈਆਂ ਪ੍ਰਦਰਸ਼ਨੀਆਂ ਸਮੇਤ ਇਹ ਕਾਫ਼ਲਾ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਪਹੁੰਚੇਗਾ। ਇਸ ਉਪਰੰਤ ਇੱਥੇ ਵਿਰਾਸਤੀ ਮੇਲਾ ਸ਼ੁਰੂ ਹੋਵੇਗਾ ਜੋ ਲਗਾਤਾਰ 11 ਫ਼ਰਵਰੀ ਤੱਕ ਚੱਲੇਗਾ। ਇਸ ਵਿਰਾਸਤੀ ਮੇਲੇ ਦੌਰਾਨ ਵੱਖ-ਵੱਖ ਰਾਜਾਂ ਨਾਲ ਸਬੰਧਤ ਸੱਭਿਆਚਾਰਕ ਵੰਨਗੀਆਂ, ਨਾਟਕਾਂ, ਕਵੀਸ਼ਰੀ, ਮਲਵਈ ਗਿੱਧਾ, ਭੰਗੜਾ, ਸਮੀ, ਲੁੱਡੀ ਅਤੇ ਭੰਡਾ ਦੇ ਹਾਸਰਾਸ ਰੰਗਾਂ ਤੋਂ ਇਲਾਵਾ ਪ੍ਰਸਿੱਧ ਸੂਫ਼ੀ ਗਾਇਕ ਕੰਵਰ ਗਰੇਵਾਲ ਸਮੇਤ ਹੋਰ ਗਾਇਕਾਂ ਵਲੋਂ ਆਪਣੀ ਕਲਾਂ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ।