• ਕੈਂਪਾਂ ਦੌਰਾਨ ਲੋਕ ਭਲਾਈ ਸਕੀਮਾਂ ਦਾ ਲਾਭ ਦੇਣ ਤੇ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਨਿਪਟਾਰਾ
• ਰੋਜ਼ਾਨਾ ਵੱਖ-ਵੱਖ ਪਿੰਡਾਂ/ਵਾਰਡਾਂ ’ਚ ਲਗਾਏ ਜਾਣਗੇ ਸਪੈਸ਼ਲ ਕੈਂਪ
• ਲੋਕਾਂ ਨੂੰ ਲੋਕ ਭਲਾਈ ਸਕੀਮਾਂ ਦਾ ਲਾਹਾ ਲੈਣ ਅਤੇ ਆਪਣੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਕੈਂਪਾਂ ’ਚ ਪਹੁੰਚਣ ਦੀ ਅਪੀਲ
ਬਠਿੰਡਾ, 5 ਫਰਵਰੀ :
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੇ ਦਰਾਂ ਨੇੜੇ ਜਾ ਕੇ ਕਰਨ ਲਈ ਵਿੱਢੀ ਗਈ ਮੁਹਿੰਮ “ਆਪ ਦੀ ਸਰਕਾਰ ਆਪ ਦੇ ਦੁਆਰ” ਤਹਿਤ ਜ਼ਿਲ੍ਹੇ ਭਰ ਚ ਵੱਖ-ਵੱਖ ਪਿੰਡਾਂ ਵਿੱਚ 6 ਫਰਵਰੀ ਤੋਂ ਸਪੈਸ਼ਲ ਕੈਂਪ ਲਗਾਏ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਸਪੈਸ਼ਲ ਕੈਂਪਾਂ ਦੇ ਅਗਾਊਂ ਪ੍ਰਬੰਧਾਂ ਸਬੰਧੀ ਵੱਖ-ਵੱਖ ਅਧਿਕਾਰੀਆਂ ਨਾਲ ਕੀਤੀ ਗਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਮੰਤਵ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਅਤੇ ਇੱਕੋ ਛੱਤ ਥੱਲੇ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਮੁਹੱਈਆ ਕਰਾਉਣਾ, ਲੋਕਾਂ ਦੀਆਂ ਮੁਸ਼ਕਿਲਾਂ ਸੁਣਨਾ ਅਤੇ ਉਨ੍ਹਾਂ ਦਾ ਮੌਕੇ ਤੇ ਹੀ ਹੱਲ ਕਰਨਾ ਹੈ। ਉਨ੍ਹਾਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲਗਾਏ ਜਾਣ ਵਾਲੇ ਇਨ੍ਹਾਂ ਸਪੈਸ਼ਲ ਕੈਂਪਾਂ ਦੌਰਾਨ ਪ੍ਰਾਪਤ ਯੋਗ ਅਰਜ਼ੀਆਂ ਦਾ ਪਹਿਲ ਦੇ ਆਧਾਰ ’ਤੇ ਨਿਪਟਾਰਾ ਕਰਨਾ ਯਕੀਨੀ ਬਣਾਉਣ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਨ੍ਹਾਂ ਕੈਂਪਾਂ ਦਾ ਲਾਹਾ ਲੈਣ ਸਕਣ ਅਤੇ ਕੋਈ ਵੀ ਯੋਗ ਲਾਭਪਾਤਰੀ ਲੋਕ ਭਲਾਈ ਸਕੀਮਾਂ ਤੋਂ ਵਾਝਾਂ ਨਾ ਰਹਿ ਸਕੇ।.
ਡਿਪਟੀ ਕਮਿਸ਼ਨਰ ਨੇ ਇਨ੍ਹਾਂ ਕੈਂਪਾਂ ਦਾ ਲਾਹਾ ਲੈਣ ਵਾਲੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੈਂਪ ਚ ਆਉਣ ਸਮੇਂ ਆਪਣੇ ਨਾਲ 2 ਪਾਸਪੋਰਟ ਸਾਈਜ਼ ਫੋਟੋਆਂ ਤੋਂ ਇਲਾਵਾ ਆਧਾਰ ਕਾਰਡ/ਪੈਨ ਕਾਰਡ/ਰਾਸ਼ਨ ਕਾਰਡ/ਵੋਟ ਕਾਰਡ/ਜਨਮ ਸਰਟੀਫ਼ਿਕੇਟ/ਡਰਾਈਵਿੰਗ ਲਾਇਸੰਸ ਆਦਿ ਦੀ ਕੋਈ ਇੱਕ ਫੋਟੋ ਕਾਪੀ ਬਤੌਰ ਸ਼ਨਾਖਤ ਲਈ ਜ਼ਰੂਰ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ।
ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਘਰ-ਘਰ ਜਾ ਕੇ ਦੇਣੀਆਂ ਸ਼ੁਰੂ ਕੀਤੀਆਂ ਗਈਆਂ 44 ਸੇਵਾਵਾਂ ਨਾਲ ਸਬੰਧਤ ਅਰਜ਼ੀਆਂ ਵੀ ਪ੍ਰਾਪਤ ਕੀਤੀਆਂ ਜਾਣਗੀਆਂ ਜੋ ਕਿ 1076 ਨੰਬਰ ’ਤੇ ਕਾਲ ਕਰਕੇ ਬੁੱਕ ਕਰਵਾਈਆਂ ਜਾਂਦੀਆਂ ਹਨ।
ਇਨ੍ਹਾਂ ਕੈਂਪਾਂ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਜਿਨ੍ਹਾਂ ਚ ਜਨਮ ਸਰਟੀਫਿਕੇਟ/ਗੈਰ ਉਪਲਬਧਤਾ ਸਰਟੀਫ਼ਿਕੇਟ, ਆਮਦਨ ਸਰਟੀਫਿਕੇਟ, ਹਲਫ਼ੀਆ ਬਿਆਨ ਦੀ ਤਸਦੀਕ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫੇ, ਪੰਜਾਬ ਨਿਵਾਸ ਸਰਟੀਫ਼ਿਕੇਟ, ਜਾਤੀ ਸਰਟੀਫ਼ਿਕੇਟ ਐਸਸੀ, ਉਸਾਰੀ ਮਜ਼ਦੂਰ ਦੀ ਰਜਿਸਟ੍ਰੇਸ਼ਨ, ਬੁਢਾਪਾ ਪੈਨਸ਼ਨ ਸਕੀਮ, ਬਿਜਲੀ ਬਿਲ ਦਾ ਭੁਗਤਾਨ, ਜਨਮ ਸਰਟੀਫ਼ਿਕੇਟ ਵਿੱਚ ਨਾਮ ਦਰਜ ਕਰਨ ਲਈ, ਮਾਲ ਰਿਕਾਰਡ ਦੀ ਜਾਂਚ, ਮੌਤ ਸਰਟੀਫ਼ਿਕੇਟ ਦੀਆਂ ਕਾਪੀਆਂ, ਕੰਪਲਸਰੀ ਮੈਰਿਜ ਐਕਟ ਅਧੀਨ ਵਿਆਹ ਦੀ ਰਜਿਸਟ੍ਰੇਸ਼ਨ, ਉਸਾਰੀ ਕਾਮਿਆਂ ਦੀ ਰਜਿਸਟ੍ਰੇਸ਼ਨ ਦਾ ਨਵੀਨੀਕਰਨ, ਪਹਿਲਾ ਰਜਿਸਟਰਡ/ਗੈਰ ਰਜਿਸਟਰਡ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ, ਜਨਮ ਸਰਟੀਫ਼ਿਕੇਟ ਵਿੱਚ ਦਰੁਸਤੀ, ਮੌਤ ਸਰਟੀਫ਼ਿਕੇਟ/ਗੈਰ ਉਪਲਬਧਤਾ ਸਰਟੀਫ਼ਿਕੇਟ, ਪੇਂਡੂ ਇਲਾਕਾ ਸਰਟੀਫ਼ਿਕੇਟ, ਜਨਮ ਸਰਟੀਫ਼ਿਕੇਟ ਦੀਆਂ ਕਾਪੀਆਂ, ਜਨਰਲ ਜਾਤੀ ਸਰਟੀਫਿਕੇਟ, ਵਿਧਵਾ ਜਾਂ ਬੇਸਹਾਰਾ ਪੈਨਸ਼ਨ ਸਕੀਮ, ਭਾਰ-ਰਹਿਤ ਸਰਟੀਫਿਕੇਟ, ਮੌਰਗੇਜ ਦੀ ਐਂਟਰੀ, ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਸਰਟੀਫ਼ਿਕੇਟ, ਪੱਛੜੀ ਜਾਤੀ (ਬੀਸੀ) ਸਰਟੀਫ਼ਿਕੇਟ, ਦਿਵਿਆਂਗ ਵਿਅਕਤੀ ਪੈਨਸ਼ਨ ਸਕੀਮ, ਜਨਮ ਦੀ ਲੇਟ ਰਜਿਸਟ੍ਰੇਸ਼ਨ, ਫਰਦ ਕਢਵਾਉਣਾ, ਆਮਦਨ ਅਤੇ ਜਾਇਦਾਦ ਸਰਟੀਫ਼ਿਕੇਟ, ਦਿਵਿਆਂਗ ਸਰਟੀਫ਼ਿਕੇਟ/ਯੂਡੀਆਈਡੀ ਕਾਰਡ, ਦਸਤਾਵੇਜ਼ ਦੀ ਕਾਊਂਟਰ ਸਾਇਨਿੰਗ, ਮੁਆਵਜ਼ਾ ਬਾਂਡ, ਆਸ਼ਰਿਤ ਬੱਚਿਆਂ ਦੀ ਪੈਨਸ਼ਨ ਸਕੀਮ, ਆਨੰਦ ਮੈਰਿਜ ਐਕਟ ਅਧੀਨ ਮੈਰਿਜ ਰਜਿਸਟ੍ਰੇਸ਼ਨ, ਥਾਰਡਰ ਏਰੀਆ ਸਰਟੀਫ਼ਿਕੇਟ, ਪੱਛੜਿਆ ਇਲਾਕਾ ਸਰਟੀਫ਼ਿਕੇਟ, ਜ਼ਮੀਨ ਦੀ ਹੱਦਬੰਦੀ, ਐਨਆਰਆਈ ਦੇ ਦਸਤਾਵੇਜ਼ ਦੀ ਕਾਊਟਰ ਸਾਇਨਿੰਗ, ਮੌਤ ਦੀ ਲੇਟ ਰਜਿਸਟ੍ਰੇਸ਼ਨ, ਕੰਢੀ ਏਰੀਆ ਸਰਟੀਫ਼ਿਕੇਟ, ਮੌਤ ਸਰਟੀਫਿਕੇਟ ਵਿੱਚ ਦਰੁਸਤੀ, ਅਸ਼ੀਰਵਾਦ ਸਕੀਮ ਅਤੇ ਬੈਕਿੰਗ ਕੌਰਸਪੌਂਡੈਂਟ-ਮੁਦਰਾ ਸਕੀਮ ਆਦਿ ਸੇਵਾਵਾਂ ਮੁੱਖ ਤੌਰ ਤੇ ਸ਼ਾਮਲ ਹਨ।
ਬਾਕਸ ਲਈ ਪ੍ਰਸਤਾਵਿਤ
ਸਬ ਡਵੀਜ਼ਨ ਬਠਿੰਡਾ ਵਿਖੇ ਲੱਗਣ ਵਾਲੇ ਕੈਂਪਾਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰੇ 10 ਵਜੇ ਸਥਾਨਕ ਮੰਦਿਰ ਕਲੋਨੀ ਵਾਰਡ ਨੰਬਰ 1-2 (ਨੇੜੇ ਐਨਐਫਐਲ), ਪਿੰਡ ਮੁਲਤਾਨੀਆਂ ਦੇ ਪੰਚਾਇਤ ਘਰ ਵਿਖੇ ਸਵੇਰੇ 10 ਤੋਂ ਦੁਪਿਹਰ 12 ਵਜੇ ਤੱਕ ਲਗਾਇਆ ਜਾਵੇਗਾ। ਇਸੇ ਤਰ੍ਹਾਂ ਪਿੰਡ ਮੀਆਂ ਦੇ ਪੰਚਾਇਤ ਘਰ ਵਿਖੇ ਸਵੇਰੇ 10 ਤੋਂ ਦੁਪਿਹਰ 12 ਵਜੇ ਤੱਕ, ਪਿੰਡ ਭੁੱਚੋ ਖੁਰਦ ਦੇ ਗੁਰੂਦੁਆਰਾ ਸਾਹਿਬ ਦੇ ਸਾਹਮਣੇ ਸਵੇਰੇ 10 ਤੋਂ ਦੁਪਿਹਰ 12 ਵਜੇ ਤੱਕ, ਇਸੇ ਤਰ੍ਹਾਂ ਪਿੰਡ ਬੁਰਜ ਕਾਹਨ ਸਿੰਘ ਵਾਲਾ ਚ ਗੁਰੂਦੁਆਰਾ ਸਾਹਿਬ ਵਿਖੇ ਸਵੇਰੇ 10 ਤੋਂ ਦੁਪਿਹਰ 12 ਵਜੇ ਤੱਕ ਕੈਂਪ ਲਗਾਇਆ ਜਾਵੇਗਾ।
ਇਸੇ ਤਰ੍ਹਾਂ ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡਾਂ ਚ 6 ਫਰਵਰੀ ਨੂੰ ਪਿੰਡ ਭਾਗੀਵਾਂਦਰ ਦੇ ਪੰਚਾਇਤ ਘਰ ਅਤੇ ਪਿੰਡ ਰਾਮਸਰਾਂ ਦੇ ਰਾਮਦਾਸੀਆਂ ਧਰਮਸ਼ਾਲਾ ਵਿਖੇ ਕੈਂਪ ਸਵੇਰੇ 10 ਵਜੇ ਕੈਂਪ ਸ਼ੁਰੂ ਹੋਣਗੇ। ਜਦਕਿ ਪਿੰਡ ਜੱਜਲ ਦੀ ਧਰਮਸ਼ਾਲਾ ਵਿਖੇ ਅਤੇ ਪਿੰਡ ਗਿਆਨਾ ਦੀ ਧਰਮਸ਼ਾਲਾ ਚ ਬਾਅਦ ਦੁਪਿਹਰ 2 ਵਜੇ ਕੈਂਪ ਸ਼ੁਰੂ ਹੋਣਗੇ।
ਇਸੇ ਤਰ੍ਹਾਂ ਸਬ-ਡਵੀਜ਼ਨ ਰਾਮਪੁਰਾ ਫੂਲ ਦੇ ਪਿੰਡਾਂ ਚ 6 ਫਰਵਰੀ ਨੂੰ ਪਿੰਡ ਰਾਮੂਵਾਲ ਦੇ ਪੰਚਾਇਤ ਘਰ ਵਿਖੇ ਅਤੇ ਪਿੰਡ ਭਾਈਰੂਪਾ ਦੇ ਬਾਬਾ ਭਾਈ ਰੂਪ ਚੰਦ ਦਿਵਾਨ ਹਾਲ ਵਿਖੇ ਸਵੇਰੇ 10 ਵਜੇ ਕੈਂਪ ਸ਼ੁਰੂ ਹੋਣਗੇ। ਜਦਕਿ ਪਿੰਡ ਸੇਲਬਰਾਹ ਦੀ ਲਾਇਬ੍ਰੇਰੀ ਵਿਖੇ ਤੇ ਪਿੰਡ ਹਾਕਮ ਸਿੰਘ ਵਾਲਾ ਦੀ ਪੰਚਾਇਤੀ ਧਰਮਸ਼ਾਲਾ ਵਿਖੇ ਕੈਂਪ ਬਾਅਦ ਦੁਪਿਹਰ 2 ਵਜੇ ਸ਼ੁਰੂ ਹੋਣਗੇ।
ਇਸੇ ਤਰ੍ਹਾਂ ਸਬ-ਡਵੀਜ਼ਨ ਮੌੜ ਦੇ ਪਿੰਡਾਂ ਚ 6 ਫਰਵਰੀ ਨੂੰ ਪਿੰਡ ਸੰਦੌਹਾ ਚ ਗੁਰੂਦੁਆਰਾ ਦੇ ਸਾਹਮਣੇ ਕੈਂਪ ਸਵੇਰੇ 9 ਵਜੇ ਅਤੇ ਪਿੰਡ ਰਾਜਗੜ੍ਹ ਕੁੱਬੇ ਵਿਖੇ ਗੁਰੂਦੁਆਰਾ ਦੇ ਸਾਹਮਣੇ ਕੈਂਪ ਦੁਪਿਹਰ 2 ਵਜੇ ਸ਼ੁਰੂ ਹੋਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ. ਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲਵਜੀਤ ਕਲਸੀ, ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਮੈਡਮ ਇਨਾਯਤ, ਉਪ ਮੰਡਲ ਮੈਜਿਸਟ੍ਰੇਟ ਰਾਮੁਪਰਾ ਫੂਲ ਕੰਵਰਜੀਤ ਸਿੰਘ ਮਾਨ, ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ ਸ. ਹਰਜਿੰਦਰ ਸਿੰਘ ਜੱਸਲ, ਉਪ ਮੰਡਲ ਮੈਜਿਸਟ੍ਰੇਟ ਮੌੜ ਸ਼੍ਰੀ ਨਰਿੰਦਰ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।