ਪਹਿਲੀ ਵਾਰ ਬਣੇ ਵੋਟਰਾਂ ਨੂੰ ਵੋਟਰ ਸ਼ਨਾਖ਼ਤੀ ਕਾਰਡ ਦੇ ਕੇ ਕੀਤਾ ਸਨਮਾਨਿਤ
ਵੋਟਰ ਜਾਗਰੂਕਤਾ ਸਬੰਧੀ ਭਾਸ਼ਣ, ਗੀਤ, ਲਘੂ ਨਾਟਕਾਂ ਦੀ ਕੀਤੀ ਪੇਸ਼ਕਾਰੀ
ਸਰਕਾਰੀ ਰਜਿੰਦਰਾ ਕਾਲਜ ਵਿਖੇ ਮਨਾਇਆ ਕੌਮੀ ਵੋਟਰ ਦਿਵਸ
ਬਠਿੰਡਾ, 25 ਜਨਵਰੀ :(ਪੂਜਾ ਸਿੰਘ)
ਭਾਰਤੀ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਦੇਸ਼ ਤੇ ਸਮਾਜ ਦੇ ਸੁਧਾਰ ਲਈ ਵੋਟ ਦਾ ਬਹੁਤ ਮਹੱਤਵ ਤੇ ਅਹਿਮ ਰੋਲ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਥਾਨਕ ਸਰਕਾਰੀ ਰਜਿੰਦਰਾ ਕਾਲਜ ਵਿਖੇ 14ਵੇਂ ਕੌਮੀ ਵੋਟਰ ਦਿਵਸ ਮੌਕੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ 14ਵੇਂ ਕੌਮੀ ਵੋਟਰ ਦਿਵਸ ਦੀ ਵਧਾਈ ਦਿੰਦਿਆਂ ਵੋਟ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਸਭ ਨੂੰ ਭਾਰਤੀ ਲੋਕਤੰਤਰ ਦੀ ਮਜ਼ਬੂਤੀ ਲਈ ਵੱਧ ਤੋਂ ਵੱਧ ਆਪਣੀ ਵੋਟ ਦੇ ਅਧਿਕਾਰ ਦਾ ਸੁਤੰਤਰ, ਨਿਰਪੱਖ, ਸ਼ਾਂਤਮਈ, ਬਿਨਾਂ ਡਰ ਭੈਅ, ਧਰਮ, ਵਰਗ, ਜਾਤੀ, ਭਾਈਚਾਰੇ, ਭਾਸ਼ਾ ਜਾਂ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਇਸਤੇਮਾਲ ਕਰਨਾ ਚਾਹੀਦਾ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਨਵੇਂ ਬਣੇ ਨੌਜਵਾਨ ਵੋਟਰਾਂ ਨੂੰ ਕੌਮੀ ਵੋਟਰ ਦਿਵਸ ਦੀ ਵਧਾਈ ਦਿੰਦਿਆਂ ਦੇਸ਼ ਦੀ ਤਰੱਕੀ ਤੇ ਵਿਕਾਸ ਲਈ ਵੱਧ ਤੋਂ ਵੱਧ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਵੇਂ ਬਣੇ ਵੋਟਰਾਂ ਨੂੰ ਵੋਟਰ ਸ਼ਨਾਖਤੀ ਕਾਰਡ ਵੰਡੇ।
ਇਸ ਮੌਕੇ ਭਾਰਤੀ ਲੋਕਤੰਤਰ ਦੀ ਮਜ਼ਬੂਤੀ ਅਤੇ ਵੋਟ ਦੇ ਅਧਿਕਾਰ ਦੀ ਬਿਨਾਂ ਕਿਸੇ ਲਾਲਚ ਅਤੇ ਡਰ ਭੈਅ ਤੋਂ ਵੱਧ ਤੋਂ ਵੱਧ ਵਰਤੋਂ ਕਰਨ ਲਈ ਸਮੂਹ ਅਧਿਕਾਰੀਆਂ, ਕਰਮਚਾਰੀਆਂ ਤੇ ਵਿਦਿਆਰਥੀਆਂ ਨੇ ਵੋਟਰ ਪ੍ਰਣ ਵੀ ਲਿਆ।
ਇਸ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਸਵੀਪ ਗਤੀਵਿਧੀਆਂ ਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਵੋਟਰ ਜਾਗਰੂਕਤਾ ਦੀ ਮਹੱਤਤਾ ਸਬੰਧੀ ਭਾਸ਼ਣ, ਗੀਤ ਤੇ ਲਘੂ ਨਾਟਕ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ, ਐਸਡੀਐਮ ਬਠਿੰਡਾ ਇਨਾਯਤ, ਤਹਿਸੀਲਦਾਰ ਚੋਣਾਂ ਸ਼੍ਰੀ ਭੂਸ਼ਣ, ਕਾਲਜ ਦੇ ਪ੍ਰਿੰਸੀਪਲ ਮੈਡਮ ਜਯੋਤਸ਼ਨਾ, ਸ਼੍ਰੀ ਸੁਰੇਸ਼ ਗੌੜ ਤੇ ਚੋਣ ਦਫ਼ਤਰ ਦੇ ਸਟਾਫ਼ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਆਦਿ ਹਾਜ਼ਰ ਸਨ।