You are currently viewing ਸਿਹਤ ਸਹੂਲਤਾਂ ਨੂੰ ਲੈ ਕੇ ਪੰਜਾਬ ਸਰਕਾਰ ਵਚਨਵੱਧ ਤੇ ਯਤਨਸ਼ੀਲ : ਜਗਰੂਪ ਸਿੰਘ ਗਿੱਲ

ਸਿਹਤ ਸਹੂਲਤਾਂ ਨੂੰ ਲੈ ਕੇ ਪੰਜਾਬ ਸਰਕਾਰ ਵਚਨਵੱਧ ਤੇ ਯਤਨਸ਼ੀਲ : ਜਗਰੂਪ ਸਿੰਘ ਗਿੱਲ

• ਬਠਿੰਡਾ ਬਣਿਆ ਸੂਬੇ ਦਾ ਪਹਿਲਾ ਜ਼ਿਲ੍ਹਾ ਜਿੱਥੇ ਦਿਵਿਆਂਗਾਂ ਨੂੰ ਇੱਕ ਛੱਤ ਹੇਠ ਮਿਲਣਗੀਆਂ ਸਿਹਤ ਸਹੂਲਤਾਂ : ਡਿਪਟੀ ਕਮਿਸ਼ਨਰ

• ਵਨ ਸਟਾਪ ਸੈਂਟਰ ਫਾਰ ਸਪੈਸ਼ਲੀ ਏਬਲਡ ਦਾ ਕੀਤਾ ਉਦਘਾਟਨ

• ਅਲਿਮਕੋ ਕੇਂਦਰ ਦੀ ਵੀ ਕੀਤੀ ਸ਼ੁਰੂਆਤ

ਬਠਿੰਡਾ, 15 ਜਨਵਰੀ :

ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਆਮ ਲੋਕਾਂ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਵੱਧ ਅਤੇ ਯਤਨਸ਼ੀਲ ਹੈ। ਮੁੱਖ ਮੰਤਰੀ ਦੀ ਦੂਰਅੰਦੇਸ਼ੀ ਸੋਚ ਸਦਕਾ ਆਮ ਲੋਕਾਂ ਦੀ ਸਿਹਤ ਭਲਾਈ ਦੇ ਮੰਤਵ ਨਾਲ ਉਨ੍ਹਾਂ ਦੇ ਘਰਾਂ ਨਜ਼ਦੀਕ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਵਿਧਾਇਕ (ਬਠਿੰਡਾ ਸ਼ਹਿਰੀ) ਸ. ਜਗਰੂਪ ਸਿੰਘ ਗਿੱਲ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਭਾਰਤੀ ਰੈੱਡ ਕਰਾਸ ਸੁਸਾਇਟੀ ਵੱਲੋਂ ਬਣਾਏ ਗਏ ਸਹਿਯੋਗੀ ਸੈਂਟਰ (ਵਨ ਸਟਾਪ ਸੈਂਟਰ ਫਾਰ ਸਪੈਸ਼ਲੀ ਏਬਲਡ) ਅਤੇ ਅਲਿਮਕੋ ਕੇਂਦਰ ਦੀ ਸ਼ੁਰੂਆਤ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਸੌਕਤ ਅਹਿਮਦ ਪਰੇ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

ਇਸ ਮੌਕੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਡਿਪਟੀ ਕਮਿਸ਼ਨਰ ਅਤੇ ਭਾਰਤੀ ਰੈੱਡ ਕਰਾਸ ਸੁਸਾਇਟੀ ਦੀ ਸ਼ਲਾਘਾ ਕਰਦਿਆ ਕਿਹਾ ਕਿ ਜ਼ਿਲ੍ਹਾ ਪ੍ਰਸਾਸਨ ਦਾ ਇਹ ਇੱਕ ਬਹੁਤ ਹੀ ਅਹਿਮ ਉਪਰਾਲਾ ਹੈ ਜੋ ਦਿਵਿਆਂਗ ਵਿਅਕਤੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਂਟਰਾਂ ਦੇ ਇੱਥੇ ਸ਼ੁਰੂ ਹੋਣ ਨਾਲ ਸ਼ਹਿਰ ਦੇ ਨਾਲ-ਨਾਲ ਹੋਰਨਾਂ ਗੁਆਂਢੀ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਸਿਹਤ ਸਹੂਲਤਾਂ ਲੈਣ ਲਈ ਵੱਡਾ ਲਾਹਾ ਮਿਲੇਗਾ।

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਹ ਸੂਬੇ ਦਾ ਪਹਿਲਾ ਸੈਂਟਰ ਜਿੱਥੇ ਦਿਵਿਆਂਗਾਂ ਨੂੰ ਇੱਕ ਛੱਤ ਹੇਠ ਹੀ ਸਾਰੀਆਂ ਲੋੜੀਂਦੀਆਂ ਸੁੱਖ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਵਨ ਸਟਾਪ ਸੈਂਟਰ ਫਾਰ ਸਪੈਸ਼ਲੀ ਏਬਲਡ ਸੈਂਟਰ ਵਿਖੇ ਦਿਵਿਆਂਗ ਵਿਅਕਤੀਆਂ ਨੂੰ ਬਣਾਵਟੀ ਅੰਗ ਜਿਵੇਂ ਕਿ ਲੱਤਾਂ, ਬਾਹਾਂ ਆਦਿ ਮੁਫ਼ਤ ਚ ਮੁਹੱਈਆ ਕਰਵਾਈਆਂ ਜਾਣਗੀਆਂ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇੱਥੇ ਸਥਾਪਤ ਕੀਤੇ ਗਏ ਅਲਿਮਕੋ ਕੇਂਦਰ ਵਿਖੇ ਵੀ ਦਿਵਿਆਂਗ ਵਿਅਕਤੀਆਂ ਨੂੰ ਬਣਾਉਟੀ ਅੰਗਾਂ ਤੋਂ ਇਲਾਵਾ ਕੰਨਾਂ ਦੀ ਮਸ਼ੀਨਾਂ, ਟਰਾਈ ਸਾਈਕਲ, ਵ੍ਹੀਲ ਚੇਅਰ ਤੇ ਇਲੈਕਟ੍ਰਿਕ ਸਾਇਕਲ ਆਦਿ ਮੁਫ਼ਤ ਵਿੱਚ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਇੱਥੇ ਦਿਵਿਆਂਗ ਵਿਅਕਤੀਆ ਨਾਲ ਸਬੰਧਤ ਹਰ ਤਰ੍ਹਾਂ ਦੇ ਸਰਟੀਫ਼ਿਕੇਟ ਤੇ ਹੋਰ ਸੁੱਖ ਸਹੂਲਤਾਂ ਵੀ ਮੌਕੇ ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਪਹਿਲਾਂ ਉਨ੍ਹਾਂ ਵਲੋਂ (ਵਨ ਸਟਾਪ ਸੈਂਟਰ ਫਾਰ ਸਪੈਸ਼ਲੀ ਏਬਲਡ) ਅਤੇ ਅਲਿਮਕੋ ਕੇਂਦਰ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ।

ਇਸ ਮੌਕੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋ, ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀਮਤੀ ਜਸਬੀਰ ਕੌਰ, ਸਕੱਤਰ ਰੈੱਡ ਕਰਾਸ ਸ਼੍ਰੀ ਦਰਸ਼ਨ ਕੁਮਾਰ, ਐਮਸੀ ਸੁਖਦੀਪ ਸਿੰਘ ਢਿੱਲੋਂ, ਸੁਪਰਡੰਟ ਗੁਲਸ਼ਨ ਮਹਿਤਾ, ਡਾ. ਰਵੀ ਕੁਮਾਰ, ਸ਼੍ਰੀ ਜਗਦੀਸ਼ ਵੜੈਚ ਤੋਂ ਇਲਾਵਾ ਹੋਰ ਅਧਿਕਾਰੀ ਆਦਿ ਹਾਜ਼ਰ ਸਨ।