ਬਠਿੰਡਾ, 9 ਜਨਵਰੀ :
ਭਾਸ਼ਾ ਵਿਭਾਗ ਪੰਜਾਬ, ਜ਼ਿਲ੍ਹਾ ਬਠਿੰਡਾ ਵੱਲੋਂ ਭਾਸ਼ਾ ਵਿਭਾਗ ਦੇ 76ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸਾਹਿਤਕ ਮਿਲਣੀ ਸਥਾਨਕ ਮਹਾਤਮਾ ਗਾਂਧੀ ਲੋਕ ਰਾਜ ਪ੍ਰਸ਼ਾਸਨ ਸੰਸਥਾਨ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਵਿਖੇ ਕਰਵਾਈ ਗਈ, ਜਿਸ ਵਿੱਚ ਬਠਿੰਡਾ ਜ਼ਿਲ੍ਹੇ ਦੇ ਉੱਘੇ ਸਾਹਿਤਕਾਰਾਂ ਨੇ ਸ਼ਮੂਲੀਅਤ ਕੀਤੀ। ਮਿਲਣੀ ਰਾਹੀਂ ਸਾਹਿਤਕਾਰਾਂ ਨੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਵਿੱਚ ਸ. ਚੰਦ ਸਿੰਘ ਸਦਿਉੜਾ, ਕਾਲਮ ਨਵੀਸ ਪੰਜਾਬੀ ਨੈਸ਼ਨਲ ਅਖ਼ਬਾਰ, ਕੈਨੇਡਾ ਨੇ ਸਤਿਕਾਰਤ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਆਪਣੇ ਸੁਆਗਤੀ ਭਾਸ਼ਣ ਰਾਹੀਂ ਸ. ਕੀਰਤੀ ਕਿਰਪਾਲ ਜ਼ਿਲ੍ਹਾ ਭਾਸ਼ਾ ਅਫ਼ਸਰ ਬਠਿੰਡਾ ਨੇ ਕਿਹਾ ਕਿ ਇਸ ਮਿਲਣੀ ਦਾ ਮੂਲ ਮਕਸਦ ਭਾਸ਼ਾ ਵਿਭਾਗ ਦੇ 76ਵੇਂ ਸਥਾਪਨਾ ਦਿਵਸ ‘ਤੇ ਸਤਿਕਾਰਤ ਸਾਹਿਤਕਾਰਾਂ ਦੇ ਪੰਜਾਬੀ ਭਾਸ਼ਾ ਨੂੰ ਅੱਜ ਦੇ ਤਕਨੀਕੀ ਯੁੱਗ ਦਾ ਹਾਣੀ ਬਣਾਉਣ ਸਬੰਧੀ ਵਿਚਾਰਾਂ ਤੋਂ ਜਾਣੂ ਹੋਣਾ ਹੈ। ਉਨ੍ਹਾਂ ਇਹ ਵੀ ਕਿਹਾ ਪੰਜਾਬੀ ਬੋਲੀ ਦੇ ਉਪਾਸਕ ਬੁੱਧੀਜੀਵੀ ਵਰਗ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਤਾ ਕਿ ਇਸ ਦੀ ਪ੍ਰਫੁੱਲਤਾ ਲਈ ਹੰਭਲਾ ਮਾਰਿਆ ਜਾ ਸਕੇ। ਸ. ਚੰਦ ਸਿੰਘ ਸਦਿਉੜਾ ਨੇ ਪੰਜਾਬੀ ਡਾਇਸਪੋਰਾ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪਸਾਰ ਸਬੰਧੀ ਕੀਤੀਆਂ ਅਣਥੱਕ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ।
ਇਸ ਦੌਰਾਨ ਸਾਹਿਤਕਾਰਾਂ ਵਿੱਚੋਂ ਕਵਿੱਤਰੀ ਅਤੇ ਪ੍ਰੋਫੈਸਰ ਨੀਤੂ ਅਰੋੜਾ ਨੇ ਵਿਚਾਰ ਰੱਖਦਿਆਂ ਕਿਹਾ ਕਿ ਜੇ ਪੰਜਾਬੀ ਬੋਲੀ ਨੂੰ ਅਗਾਂਹ ਲੈ ਕੇ ਆਉਣਾ ਹੈ ਤਾਂ ਇਸ ਨੂੰ ਰੁਜ਼ਗਾਰ ਅਤੇ ਬਜ਼ਾਰ ਦੀ ਭਾਸ਼ਾ ਬਣਾਉਣ ਦੇ ਨਾਲ਼-ਨਾਲ਼ ਇਸਨੂੰ ਕੰਪਿਊਟਰਾਈਜ਼ਡ ਕਰਨਾ ਪਵੇਗਾ। ਉੱਘੇ ਗੀਤਕਾਰ ਮਨਪ੍ਰੀਤ ਟਿਵਾਣਾ ਦੇ ਵਿਚਾਰ ਮੁਤਾਬਕ ਇਸ ਨੂੰ ਵਪਾਰ ਮੰਡਲ ਅਤੇ ਹੋਰ ਅਜਿਹੇ ਅਦਾਰਿਆਂ ਨਾਲ਼ ਲੋਕ ਮਿਲਣੀਆਂ ਦੇ ਰੂਪ ਵਿੱਚ ਮੀਟਿੰਗਾਂ ਰਾਹੀਂ ਉਹਨਾਂ ਦੀਆਂ ਦੁਕਾਨਾਂ ਦੇ ਨੀਮ ਬੋਰਡ ਪੰਜਾਬੀ ਵਿੱਚ ਕਰਵਾ ਕੇ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ਕੰਮ ਕੀਤਾ ਜਾ ਸਕਦਾ ਹੈ।
ਸ. ਕੁਲਦੀਪ ਬੰਗੀ ਨੇ ਇਸ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਲਾਗੂ ਕਰਵਾਉਣ ‘ਤੇ ਜ਼ੋਰ ਦਿੱਤਾ। ਸ਼੍ਰੀ ਨਿਰੰਜਣ ਸਿੰਘ ਪ੍ਰੇਮੀ ਨੇ ਕਿਹਾ ਕੇ ਮੋਬਾਈਲ ਟਾਈਪਿੰਗ ਸਾਨੂੰ ਪੰਜਾਬੀ ਵਿੱਚ ਕਰਨੀ ਚਾਹੀਦੀ ਹੈ। ਇਹਨਾਂ ਤੋਂ ਇਲਾਵਾ ਹੋਰਨਾਂ ਸਾਹਿਤਕਾਰਾਂ ਵਿੱਚੋਂ ਨਰੂਲਾ, ਮਲਕੀਤ ਸਿੰਘ ਮਛਾਣਾ, ਰਾਮ ਸਿੰਘ ਸੇਖੋਂ, ਬੱਬਲਦੀਪ ਸਿੰਘ, ਮੈਡਮ ਅੰਮ੍ਰਿਤਪਾਲ, ਦਵੀ ਸਿੱਧੂ ਅਤੇ ਸ਼ਮਸ਼ੇਰ ਸਿੰਘ ਮੱਲੀ ਹੁਰਾਂ ਨੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ।
ਅੰਤ ਵਿੱਚ ਸ. ਮਨਦੀਪ ਸਿੰਘ, ਰੀਜਨਲ ਪ੍ਰੋਜੈਕਟ ਡਾਇਰੈਕਟਰ ਮਗਸੀਪਾ ਸੈਂਟਰ ਬਠਿੰਡਾ ਨੇ ਆਏ ਹੋਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।