ਬਠਿੰਡਾ, 3 ਜਨਵਰੀ : (ਪੂਜਾ ਸਿੰਘ )
ਡਾ. ਕਰਨਜੀਤ ਸਿੰਘ ਗਿੱਲ ਨੇ ਅੱਜ ਇੱਥੇ ਬਤੌਰ ਮੁੱਖ ਖੇਤੀਬਾੜੀ ਅਫਸਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ।
ਇਸ ਦੌਰਾਨ ਡਾ. ਕਰਨਜੀਤ ਸਿੰਘ ਗਿੱਲ ਨੇ ਆਪਣੀ ਪੜ੍ਹਾਈ ਅਤੇ ਸਰਕਾਰੀ ਸਰਵਿਸ ਦਾ ਵੇਰਵਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਤੋਂ ਬੀ.ਐਸ.ਸੀ (ਐਗਰੀਕਲਚਰ) ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਐਮ.ਐਸ.ਸੀ.(ਐਗਰੀਕਲਚਰ) ਦੀ ਡਿਗਰੀ ਹਾਸਿਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਵੱਲੋ ਸਾਲ 1996 ਵਿੱਚ ਖੇਤੀਬਾੜੀ ਵਿਭਾਗ ਚ ਬਤੌਰ ਖੇਤੀਬਾੜੀ ਵਿਕਾਸ ਅਫਸਰ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ।
ਇਸ ਤੋਂ ਇਲਾਵਾ ਉਨ੍ਹਾਂ ਦਫਤਰ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਵਿਖੇ ਬਤੌਰ ਖੇਤੀਬਾੜੀ ਵਿਕਾਸ ਅਫਸਰ (ਇੰਨਫੋਰਸਮੈਂਟ) 8 ਸਾਲ ਅਤੇ ਤਰੱਕੀ ਉਪਰੰਤ ਬਤੌਰ ਖੇਤੀਬਾੜੀ ਅਫਸਰ ਖਾਦ ਪਰਖ ਪ੍ਰਯੋਗਸ਼ਾਲਾ ਫਰੀਦਕੋਟ ਵਿਖੇ ਅਤੇ ਮਿੱਟੀ ਪਰਖ ਪ੍ਰਯੋਗਸ਼ਾਲਾ ਫਰੀਦਕੋਟ ਵਿਖੇ 4 ਸਾਲ ਸੇਵਾ ਨਿਭਾਈ। ਇਸ ਉਪਰੰਤ ਉਨ੍ਹਾਂ ਸਾਲ 2021 ਵਿੱਚ ਬਤੌਰ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਵਿਖੇ ਤਾਇਨਾਤ ਹੋਏ ਅਤੇ ਹੁਣ ਬਠਿੰਡਾ ਵਿਖੇ ਬਤੌਰ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ।
ਉਨ੍ਹਾਂ ਵੱਲੋਂ ਅਹੁਦਾ ਸੰਭਾਲਣ ਉਪਰੰਤ ਖੇਤੀਬਾੜੀ ਵਿਭਾਗ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਿਸਾਨੀ ਹਿੱਤ ਲਈ ਪੂਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਕੰਮ ਕੀਤਾ ਜਾਵੇ ਤਾਂ ਜੋ ਜ਼ਿਲ੍ਹੇ ਨੂੰ ਖੇਤੀ ਖੇਤਰ ਵਿੱਚ ਤਰੱਕੀ ਦੀਆਂ ਲੀਹਾਂ ਤੇ ਲਿਜਾਇਆ ਜਾ ਸਕੇ। ਉਨ੍ਹਾਂ ਵੱਲੋਂ ਵਿਸ਼ਵਾਸ਼ ਦਿਵਾਇਆ ਕਿ ਕਿਸਾਨਾਂ ਨੂੰ ਮਿਆਰੀ ਕਿਸਮ ਦੇ ਬੀਜ, ਖਾਦ ਅਤੇ ਕੀਟਨਾਸ਼ਕ ਮੁਹੱਈਆ ਕਰਵਾਏ ਜਾਣਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।