ਜ਼ਿਲ੍ਹਾ ਪ੍ਰਸਾਸ਼ਨ ਨੇ ਬਦਲਵੇਂ ਅਗਾਂਊ ਪ੍ਰਬੰਧਾਂ ਦੇ ਮੱਦੇਨਜ਼ਰ ਤੇਲ ਕੰਪਨੀਆਂ, ਪੰਪ ਡੀਲਰਾਂ, ਟਰਾਂਸਪੋਰਟਰਾਂ ਤੇ ਡਰਾਈਵਰਾਂ ਨਾਲ ਕੀਤੀ ਮੀਟਿੰਗ

 

ਜ਼ਿਲ੍ਹਾ ਪ੍ਰਸਾਸ਼ਨ ਨੇ ਬਦਲਵੇਂ ਅਗਾਂਊ ਪ੍ਰਬੰਧਾਂ ਦੇ ਮੱਦੇਨਜ਼ਰ ਤੇਲ ਕੰਪਨੀਆਂ, ਪੰਪ ਡੀਲਰਾਂ, ਟਰਾਂਸਪੋਰਟਰਾਂ ਤੇ ਡਰਾਈਵਰਾਂ ਨਾਲ ਕੀਤੀ ਮੀਟਿੰਗ

• ਤੇਲ ਡਿਪੂਆਂ ਤੋਂ ਤੇਲ ਦੇ ਭਰੇ ਟੈਂਕਰ ਪੰਪਾਂ ਲਈ ਹੋਏ ਰਵਾਨਾ

• ਜ਼ਿਲ੍ਹਾ ਵਾਸੀਆਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਤੇਲ ਦੀ ਘਾਟ

• ਲੋਕਾਂ ਨੂੰ ਘਬਰਾਉਣ ਦੀ ਨਹੀਂ ਕੋਈ ਲੋੜ

ਬਠਿੰਡਾ, 2 ਜਨਵਰੀ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਅਤੇ ਐਸਐਸਪੀ ਸ਼੍ਰੀ ਹਰਮਨਬੀਰ ਸਿੰਘ ਗਿੱਲ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਜਾ ਰਹੇ ਹਿੱਟ ਐਂਡ ਰਨ ਕਾਨੂੰਨ ਦੇ ਖਿਲਾਫ ਡਰਾਈਵਰਾਂ ਵੱਲੋਂ ਮੁਲਕ ਭਰ ਚ ਕੀਤੀ ਜਾਣ ਵਾਲੀ ਹੜਤਾਲ ਦੇ ਮੱਦੇਨਜ਼ਰ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇੱਥੇ ਸਥਿਤ ਵੱਖ-ਵੱਖ ਤੇਲ ਡਿਪੂਆਂ ਤੋਂ ਤੇਲ ਦੇ ਭਰੇ ਟੈਂਕਰ ਪੰਪਾਂ ਲਈ ਰਵਾਨਾ ਕਰ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਾਸੀਆਂ ਨੂੰ ਪੈਟਰੋਲ ਤੇ ਡੀਜ਼ਲ ਦੀ ਕੋਈ ਵੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵਲੋਂ ਡਰਾਈਵਰਾਂ ਦੁਆਰਾ ਕੀਤੀ ਜਾਣ ਵਾਲੀ ਹੜਤਾਲ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਪੈਟਰੋਲ ਤੇ ਡੀਜ਼ਲ ਦੇ ਬਦਲਵੇਂ ਅਗਾਂਊ ਪ੍ਰਬੰਧਾਂ ਸਬੰਧੀ ਤੇਲ ਕੰਪਨੀਆਂ, ਪੰਪ ਡੀਲਰਾਂ, ਟਰਾਂਸਪੋਰਟਰਾਂ ਤੇ ਡਰਾਈਵਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੀ ਹਰ ਤਰ੍ਹਾਂ ਦੀ ਸੰਭਵ ਮੱਦਦ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਪੰਪਾਂ ਤੇ ਤੇਲ ਸਭ ਤੋਂ ਘੱਟ ਮਾਤਰਾਂ ਵਿੱਚ ਹੈ, ਉਨ੍ਹਾਂ ਪੰਪਾਂ ਦੀ ਡਿਟੇਲ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਪੰਪਾਂ ਤੇ ਸਮੇਂ ਸਿਰ ਤੇਲ ਪਹੁੰਚਾਉਣਾ ਯਕੀਨੀ ਬਣਾਇਆ ਜਾ ਸਕੇ।

ਇਸ ਮੌਕੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਨੇ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਲੋੜ ਅਨੁਸਾਰ ਹੀ ਪੰਪਾਂ ਤੋਂ ਪੈਟਰੋਲ ਜਾਂ ਡੀਜ਼ਲ ਆਦਿ ਆਪਣੇ ਵਹੀਕਲਾਂ ਚ ਪਵਾਉਣ। ਉਨ੍ਹਾਂ ਇਹ ਵੀ ਖਾਸ ਅਪੀਲ ਕੀਤੀ ਕਿ ਉਹ ਪੰਪਾਂ ਤੋਂ ਵਾਧੂ ਤੇਲ ਘਰਾਂ ਵਿੱਚ ਸਟੋਰ ਨਾ ਕਰਨ।

ਇਸ ਦੌਰਾਨ ਵੱਖ-ਵੱਖ ਤੇਲ ਕੰਪਨੀਆਂ, ਪੰਪ ਡੀਲਰ, ਟਰਾਂਸਪੋਰਟਰ ਅਤੇ ਡਰਾਈਵਰ ਆਦਿ ਹਾਜ਼ਰ ਸਨ।