ਕੋਵਿਡ ਦੇ ਲੱਛਣ ਹੋਣ ਤੇ ਤੁਰੰਤ ਕਰਵਾਇਆ ਜਾਵੇ ਕੋਵਿਡ-19 ਦਾ ਟੈਸਟ
ਬਠਿੰਡਾ, 1 ਜਨਵਰੀ : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਦੇਸ਼ ਵਿੱਚ ਕਈ ਥਾਵਾਂ ਤੇ ਕਰੋਨਾ ਦੇ ਨਵੇਂ ਵੇਰੀਐਂਟ ਜੇ.ਐਨ.1 ਦੇ ਕੇਸ ਰਿਪੋਰਟ ਹੋ ਰਹੇ ਹਨ, ਇਸ ਲਈ ਕਰੋਨਾ ਤੋਂ ਬਚਣ ਲਈ ਅਗਾਊਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ ਤਾਂ ਕਿ ਜ਼ਿਲ੍ਹੇ ਚ ਕਰੋਨਾ ਦੇ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੋਨਾ ਤੋਂ ਬਚਣ ਲਈ ਮਾਸਕ ਪਾਓ, ਇਕੱਠ ਵਾਲੀਆਂ ਥਾਵਾਂ ਤੇ ਜਾਣ ਤੋਂ ਪ੍ਰਹੇਜ਼ ਕਰੋ, ਵਾਰ-ਵਾਰ ਸਾਬਣ ਪਾਣੀ ਨਾਲ ਹੱਥ ਧੋਵੋ, ਪਬਲਿਕ ਥਾਵਾਂ ਤੇ ਨਾ ਥੁੱਕੋ, ਖੰਘਦੇ ਜਾਂ ਛਿੱਕਦੇ ਸਮੇਂ ਆਪਣਾ ਨੱਕ ਅਤੇ ਮੂੰਹ ਰੁਮਾਲ ਨਾ ਢੱਕੋ। ਉਨ੍ਹਾਂ ਕਿਹਾ ਕਿ ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਕਰੋਨਿਕ ਬਿਮਾਰੀਆਂ ਤੋਂ ਪੀੜਿਤ ਵਿਅਕਤੀਆਂ ਨੂੰ ਕਰੋਨਾ ਸਬੰਧੀ ਸਾਵਧਾਨੀਆਂ ਦੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਹੋ ਸਕੇ ਤਾਂ ਉਨ੍ਹਾਂ ਨੂੰ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਆਪਣੇ ਅੱਖਾਂ ਨੱਕ ਅਤੇ ਮੂੰਹ ਨੂੰ ਛੂਹਣ ਤੋਂ ਗੁਰੇਜ਼ ਕਰੋ ਜਾਂ ਛੂਹਣ ਤੋਂ ਪਹਿਲਾਂ ਹੱਥਾਂ ਨੂੰ ਧੋ ਲਵੋ।
ਇਸ ਦੌਰਾਨ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਨੂੰ ਮਰੀਜਾਂ ਦੇ ਚੈੱਕਅੱਪ ਕਰਨ ਸਮੇਂ ਮਾਸਕ ਪਾਉਣਾ ਦੀ ਹਦਾਇਤ ਕੀਤੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਸਪਤਾਲਾਂ ਜਾਂ ਹੋਰ ਥਾਵਾਂ ਤੇ ਜਾਣ ਸਮੇਂ ਮਾਸਕ ਜਰੂਰ ਪਾਉਣ ਅਤੇ ਜੇਕਰ ਕਿਸੇ ਵੀ ਵਿਅਕਤੀ ਨੂੰ ਖਾਂਸੀ, ਜੁਕਾਮ ਜਾਂ ਬੁਖਾਰ ਹੋਵੇ ਤਾਂ ਕਰੋਨਾ ਦੀ ਗੰਭੀਰਤਾਂ ਤੋਂ ਬਚਣ ਲਈ ਜਲਦੀ ਟੈਸਟ ਕਰਵਾਓ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਕਰੋਨਾ ਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮਾਸਕ ਪਾਉਣ ਨਾਲ ਕਰੋਨਾ ਦੇ ਨਾਲ-ਨਾਲ ਸਾਹ ਦੀਆਂ ਹੋਰ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।