ਬਠਿੰਡਾ, 22 ਦਸੰਬਰ: ਭਾਸ਼ਾ ਵਿਭਾਗ ਵੱਲੋਂ ਸਥਾਨਕ ਦੇਸ ਰਾਜ ਸਰਕਾਰੀ ਸਕੂਲ ਵਿਖੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਪੁਸਤਕ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਿਤ ਪੁਸਤਕਾਂ ਦਾ ਵਡਮੁੱਲਾ ਸਾਹਿਤ ਵਿਦਿਆਰਥੀਆਂ ਨੂੰ ਵੰਡਿਆ ਗਿਆ। ਇਹ ਸਮਾਗਮ ਪੰਜਾਬੀ ਭਾਸ਼ਾ ਦੇ ਮੁਰੀਦ ਅਤੇ ਸਮਾਜ ਸੇਵੀ ਸ. ਹਰਪ੍ਰੀਤ ਸਿੰਘ ਬੈਣੀਵਾਲ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼੍ਰੀ ਸ਼ਿਵਪਾਲ ਗੋਇਲ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ।
ਉਨ੍ਹਾਂ ਭਾਸ਼ਾ ਵਿਭਾਗ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਰੋਹ ਸਮੇਂ ਦੀ ਲੋੜ ਹਨ ਅਤੇ ਸਿੱਖਿਆ ਵਿਭਾਗ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹੈ। ਉਹਨਾਂ ਅੱਗੇ ਕਿਹਾ ਕਿ ਜੇਕਰ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਨ ਦੀ ਚੇਟਕ ਲੱਗ ਜਾਵੇ ਤਾਂ ਅਜੋਕੇ ਸਮਾਜ ਵਿੱਚ ਆਇਆ ਨਿਘਾਰ ਦੂਰ ਹੋ ਸਕਦਾ ਹੈ।
ਜ਼ਿਲ੍ਹਾ ਭਾਸ਼ਾ ਅਫ਼ਸਰ ਸ. ਕੀਰਤੀ ਕਿਰਪਾਲ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਇਸ ਸਮਾਰੋਹ ਦਾ ਮੂਲ ਮੰਤਵ ਵਿਦਿਆਰਥੀਆਂ ਨੂੰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦਾ ਤਫ਼ਸੀਲ ਵਿੱਚ ਗਿਆਨ ਕਰਵਾਉਣਾ ਹੈ ਤਾਂ ਕਿ ਉਹ ਆਪਣੀਆਂ ਜੜ੍ਹਾਂ ਨੂੰ ਨਾ ਭੁੱਲਣ। ਉਨ੍ਹਾਂ ਅੱਗੇ ਕਿਹਾ ਕਿ ਉਹ ਇਸ ਨਾਲ ਸੰਬੰਧਤ ਸਾਹਿਤ ਪੜ੍ਹ ਕੇ ਉਹਨਾਂ ਦੀਆਂ ਮਹਾਨ ਕੁਰਬਾਨੀਆਂ ਤੋਂ ਸੇਧ ਲੈ ਸਕਦੇ ਹਨ ।
ਸ. ਹਰਪ੍ਰੀਤ ਸਿੰਘ ਬਹਿਣੀਵਾਲ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਸਾਨੂੰ ਚੰਗੀਆਂ ਕਿਤਾਬਾਂ ਨਾਲ਼ ਜੁੜਨ ਦੀ ਲੋੜ ਹੈ ਅਤੇ ਵਿਦਿਆਰਥੀਆਂ ਵੱਲੋਂ ਆਪਣੇ ਕੋਰਸ ਤੋਂ ਇਲਾਵਾ ਵੀ ਆਪਣੇ ਵਿਰਸੇ, ਧਰਮ ਅਤੇ ਸੱਭਿਅਚਾਰ ਨਾਲ ਜੁੜਿਆ ਅਣਮੁੱਲਾ ਸਾਹਿਤ ਪੜ੍ਹਿਆ ਜਾਣਾ ਚਾਹੀਦਾ ਹੈ।
ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ. ਜਸਬੀਰ ਸਿੰਘ ਢਿੱਲੋਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਸਾਹਿਤ ਨਾਲ਼ ਜੁੜਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਸਕੂਲ ਤੇ ਭਾਸ਼ਾ ਦਫ਼ਤਰ ਦਾ ਸਟਾਫ਼ ਮੌਜੂਦ ਰਹੇ।