ਸਰਕਾਰੀ ਸਕੂਲਾਂ ਦੇ ਨਵੀਨੀਕਰਨ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਮੁਕੰਮਲ : ਡਿਪਟੀ ਕਮਿਸ਼ਨਰ
· ਨਵੀਨੀਕਰਨ ਦੇ ਮੱਦੇਨਜ਼ਰ ਕੀਤੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ
· ਅਧਿਕਾਰੀਆਂ ਨੂੰ ਦਿੱਤੇ ਲੋੜੀਂਦੇ ਦਿਸ਼ਾ-ਨਿਰਦੇਸ਼
ਬਠਿੰਡਾ, 19 ਦਸੰਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਰਕਾਰੀ ਸਕੂਲਾਂ ਦੇ ਨਵੀਨੀਕਰਨ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਇੱਕ ਵਿਸ਼ੇਸ਼ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ ਅਤੇ ਵਿਧਾਇਕ ਬਠਿੰਡਾ (ਦਿਹਾਤੀ) ਸ਼੍ਰੀ ਅਮਿਤ ਰਤਨ ਕੋਟਫੱਤਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਬੈਠਕ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਪ੍ਰਪੋਜ਼ਲ ਬਣਾ ਕੇ ਭੇਜੀ ਜਾਵੇ ਤਾਂ ਜੋ ਸਕੂਲਾਂ ਚ ਹੋਣ ਵਾਲੇ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਮੁਕੰਮਲ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਆਦਰਸ਼ ਸਕੂਲ ਵਿਖੇ ਢੁੱਕਵੀਂ ਜਗ੍ਹਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਲਈ ਲਾਇਬ੍ਰੇਰੀ ਬਣਾਈ ਜਾ ਸਕੇ।
ਇਸ ਮੌਕੇ ਸ਼ੌਕਤ ਅਹਿਮਦ ਪਰੇ ਨੇ ਸਮਾਗਰਾ ਸਿੱਖਿਆ ਅਭਿਆਨ ਪਲਾਨ ਸਬੰਧੀ ਮਿਡ ਡੇ ਮੀਲ, ਵਜੀਫ਼ਾ, ਵਿਦਿਆਰਥੀਆਂ ਦੀਆਂ ਸਕੂਲ ਵਰਦੀਆਂ, ਕਿਤਾਬਾਂ ਆਦਿ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸੈਲਫ਼ ਹੈਲਪ ਗਰੁੱਪਾਂ ਨਾਲ ਤਾਲਮੇਲ ਕਰਕੇ ਲੋੜਵੰਦ ਵਿਦਿਆਰਥੀਆਂ ਨੂੰ ਸਕੂਲੀ ਵਰਦੀਆਂ ਦੇਣੀਆਂ ਯਕੀਨੀ ਬਣਾਈਆਂ ਜਾਣ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫ਼ਾ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਈ ਵੀ ਲੋੜਵੰਦ ਬੱਚਾ ਵਜੀਫ਼ੇ ਤੋਂ ਵਾਝਾਂ ਨਾ ਰਹਿ ਸਕੇ।
ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼੍ਰੀ ਸ਼ਿਵਪਾਲ ਗੋਇਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਮੈਡਮ ਭੁਪਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਇਕਬਾਲ ਸਿੰਘ ਬੁੱਟਰ, ਐਮਸੀ ਸੁਖਦੀਪ ਢਿੱਲੋ ਅਤੇ ਸਿੱਖਿਆ ਵਿਭਾਗ ਤੋਂ ਇਲਾਵ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।
—