20 ਡੰਪਾਂ ਚ ਲਗਭਗ 4 ਲੱਖ 57 ਹਜ਼ਾਰ ਮੀਟ੍ਰਿਕ ਟਨ ਸਟੋਰ ਕੀਤੀ ਪਰਾਲੀ : ਸ਼ੌਕਤ ਅਹਿਮਦ ਪਰੇ

20 ਡੰਪਾਂ ਚ ਲਗਭਗ 4 ਲੱਖ 57 ਹਜ਼ਾਰ ਮੀਟ੍ਰਿਕ ਟਨ ਸਟੋਰ ਕੀਤੀ ਪਰਾਲੀ : ਸ਼ੌਕਤ ਅਹਿਮਦ ਪਰੇ

• ਡਿਪਟੀ ਕਮਿਸ਼ਨਰ ਨੇ ਵਾਤਾਵਰਨ ਪ੍ਰੇਮੀਆਂ ਦਾ ਕੀਤਾ ਵਿਸ਼ੇਸ਼ ਤੌਰ ਤੇ ਧੰਨਵਾਦ

ਬਠਿੰਡਾ, 6 ਦਸੰਬਰ : ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ਤੇ ਪਰਾਲੀ ਦੀ ਸਾਂਭ-ਸੰਭਾਲ ਲਈ ਬਣਾਏ ਗਏ 20 ਡੰਪ ਯਾਰਡਾਂ ਚ ਹੁਣ ਤੱਕ 4,56,408 ਮੀਟ੍ਰਿਕ ਟਨ ਝੋਨੇ ਦੀ ਪਰਾਲੀ ਜ਼ਿਲ੍ਹੇ ਦੇ ਕਿਸਾਨਾਂ ਤੋਂ ਖ਼ਰੀਦ ਕੇ ਸਟੋਰ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਅੰਦਰ ਝੋਨੇ ਦੀ ਪਰਾਲੀ ਤੇ ਉਸ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਵਾਲੇ ਸਾਰੇ ਕਿਸਾਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ।

ਇਸ ਮੌਕੇ ਸਹਾਇਕ ਖੇਤੀਬਾੜੀ ਇੰਜੀਨੀਅਰ ਸ਼੍ਰੀ ਗੁਰਜੀਤ ਵਿਰਕ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੀਜ਼ਨ ਦੌਰਾਨ ਐਚਪੀਸੀਐਲ ਨੇ 87,721, ਬੀਸੀਐਲ 1,38,312, ਐਸਏਈਐਲ 68 ਹਜ਼ਾਰ, ਪੈਨਕਾਰਬੋਜ਼ 50 ਹਜ਼ਾਰ, ਓਮ ਸੰਨਜ਼ 8 ਹਜ਼ਾਰ, ਢਿੱਲੋ ਬਾਇਓ ਫਿਊਲਜ਼ 17,500, ਏਬੀ ਬਾਇਓ ਐਨਰਜ਼ੀ 7,000, ਕੇਐਨ ਐਗਰੋ 500, ਸੇਤੀਆ ਪੇਪਰ ਮਿਲ 18,096, ਪਿੰਡ ਬੱਲੋ ਡੰਪ ਵਿਖੇ 8 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਪਰਾਲੀ ਕਿਸਾਨਾਂ ਤੋਂ ਖ਼ਰੀਦ ਕੇ ਸਟੋਰ ਕੀਤੀ ਗਈ।

ਇਸ ਦੌਰਾਨ ਸਹਾਇਕ ਖੇਤੀਬਾੜੀ ਇੰਜੀਨੀਅਰ ਨੇ ਅੱਗੇ ਹੋਰ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਘੁੱਦਾ ਦੇ ਵਾਸੀ ਪ੍ਰਿਤਪਾਲ ਸ਼ਰਮਾ ਨੇ 20 ਹਜ਼ਾਰ ਮੀਟ੍ਰਿਕ ਟਨ ਪਰਾਲੀ ਨੂੰ ਸੰਭਾਲਿਆ ਹੋਇਆ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ 33279 ਮੀਟ੍ਰਿਕ ਟਨ ਝੋਨੇ ਦੀ ਪਰਾਲੀ ਨੂੰ ਇੱਕਠਾ ਕਰਕੇ ਰੱਖਿਆ ਹੋਇਆ ਜੋ ਕਿ ਐਚਸੀਪੀਐਲ ਕੰਪਨੀ ਨੂੰ ਆਫ਼ ਸੀਜ਼ਨ ਦੌਰਾਨ ਜਲਦ ਸਪਲਾਈ ਕਰ ਦਿੱਤਾ ਜਾਵੇਗਾ।