ਬਰੇਤੀ ਤੇ ਮਿੱਟੀ ਆਦਿ ਦੀ ਟਰਾਲੀ ਨੂੰ ਬਿਨਾਂ ਕਵਰ ਕੀਤੇ ਇੱਧਰ-ਉੱਧਰ ਢੋਆ-ਢੁਆਈ ‘ਤੇ ਰੋਕ : ਜ਼ਿਲ੍ਹਾ ਮੈਜਿਸਟ੍ਰੇਟ
ਹੁਕਮ 19 ਜਨਵਰੀ 2024 ਤੱਕ ਰਹੇਗਾ ਲਾਗੂ
ਬਠਿੰਡਾ, 4 ਦਸੰਬਰ : ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹੇ ਦੇ ਮੌਜੂਦਾ ਹਾਲਾਤਾਂ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਬਠਿੰਡਾ ਦੀ ਹਦੂਦ ਅੰਦਰ ਜੋ ਟਰੈਕਟਰ-ਟਰਾਲੀ ਅਤੇ ਹੋਰ ਆਵਾਜਾਈ ਦੇ ਸਾਧਨ ਜਿਸ ਰਾਹੀਂ ਬਰੇਤੀ/ਮਿੱਟੀ ਆਦਿ ਦੀ ਢੋਆ-ਢੁਆਈ ਕੀਤੀ ਜਾਂਦੀ ਹੈ ਅਤੇ ਇਸ ਬਰੇਤੀ/ਮਿੱਟੀ ਆਦਿ ਦੀ ਟਰਾਲੀ ਨੂੰ ਬਿਨਾਂ ਕਵਰ ਕੀਤੇ ਇੱਧਰ-ਉੱਧਰ ਲੈ ਕੇ ਜਾਣ ‘ਤੇ ਪੂਰਨ ਰੋਕ ਲਗਾਈ ਜਾਂਦੀ ਹੈ।
ਹੁਕਮ ਅਨੁਸਾਰ ਜ਼ਿਲ੍ਹੇ ਚ ਕਈ ਥਾਵਾਂ ਉਪਰ ਟਰੈਕਟਰ-ਟਰਾਲੀ ਅਤੇ ਕਈ ਹੋਰ ਆਵਾਜਾਈ ਦੇ ਸਾਧਨਾਂ ਰਾਹੀਂ ਮਿੱਟੀ ਅਤੇ ਬਰੇਤੀ ਆਦਿ ਉਠਾ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਓਵਰਲੋਡ ਕਰਕੇ ਲੈ ਕੇ ਜਾਂਦੇ ਹਨ। ਮਿੱਟੀ, ਬਰੇਤੀ ਆਦਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਣ ਸਮੇਂ ਭਾਰੀ ਮਾਤਰਾ ਵਿੱਚ ਮਿੱਟੀ/ਬਰੇਤੀ ਸੜਕਾਂ ਤੇ ਡਿੱਗਦੀ ਹੈ ਜਿਸ ਕਾਰਨ ਸੜਕਾਂ ਤੇ ਚਲ ਰਹੇ ਵਹੀਕਲਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ ਅਤੇ ਜਿਸ ਨਾਲ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਦਾ ਵੀ ਡਰ ਬਣਿਆ ਰਹਿੰਦਾ ਹੈ। ਇਹ ਮਿੱਟੀ/ਬਰੇਤੀ ਸੜਕਾਂ ਦੇ ਨਾਲ ਲਗਦੇ ਖੇਤਾਂ ਵਿੱਚ ਖੜੀਆਂ ਫਸਲਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।
ਇਹ ਹੁਕਮ ਜ਼ਿਲ੍ਹੇ ਅੰਦਰ 19 ਜਨਵਰੀ 2024 ਤੱਕ ਲਾਗੂ ਰਹੇਗਾ।