ਜਾਨਵਰਾਂ ਨਾਲ ਜ਼ੁਲਮ ਕਰਨਾ ਪੈ ਸਕਦਾ ਮਹਿੰਗਾ, ਜੁਰਮਾਨੇ ਦੇ ਨਾਲ ਹੋ ਸਕਦੀ ਜੇਲ੍ਹ
• ਪਸ਼ੂਆਂ ਦੀ ਬੇਰਹਿਮੀ ਰੋਕਥਾਮ ਸਬੰਧੀ ਵਰਕਸ਼ਾਪ ਆਯੋਜਿਤ
ਬਠਿੰਡਾ, 4 ਦਸੰਬਰ : ਪਸ਼ੂ ਪ੍ਰੇਮੀਆਂ ਅਤੇ ਪਸ਼ੂ ਭਲਾਈ ਨਾਲ ਸਬੰਧਤ ਸੰਸਥਾਵਾਂ ਲਈ ਪ੍ਰੀਵੈਨਸ਼ਨ ਆਫ ਕਰੂਏਲਟੀ ਟੂ ਐਨੀਮਲਜ਼ ਐਕਟ 1960 ਅਤੇ ਪਸ਼ੂਆਂ ਨਾਲ ਸਬੰਧਤ ਹੋਰ ਕਾਨੂੰਨਾਂ ਅਤੇ ਨਿਯਮਾਂ ਬਾਰੇ ਰੈੱਡ ਕਰਾਸ ਭਵਨ ਵਿਖੇ ਇੱਕ ਰੋਜ਼ਾ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਚ ਪਸ਼ੂ ਭਲਾਈ ਨੂੰ ਸਮਰਪਿਤ ਸੰਸਥਾਵਾਂ, ਐਨ.ਜੀ.ਓ, ਵਾਲੰਟੀਅਰਾਂ ਅਤੇ ਵਕੀਲਾਂ ਨੇ ਭਾਗ ਲਿਆ।
ਇਸ ਦੌਰਾਨ ਐਸ.ਪੀ.ਸੀ.ਏ. ਬਠਿੰਡਾ ਦੀ ਆਨਰੇਰੀ ਸਕੱਤਰ ਸਿਰਜਨਾ ਨਿੱਝਰ ਨੇ ਦੱਸਿਆ ਕਿ ਸੋਸਾਇਟੀ ਫਾਰ ਪ੍ਰੀਵੈਨਸ਼ਨ ਆਫ ਕਰੂਏਲਟੀ ਟੂ ਐਨੀਮਲਜ਼ (ਐਸ.ਪੀ.ਸੀ.ਏ.) ਬਠਿੰਡਾ ਵੱਲੋਂ ਫੈਡਰੇਸ਼ਨ ਆਫ ਇੰਡੀਅਨ ਐਨੀਮਲ ਪ੍ਰੋਟੈਕਸ਼ਨ ਆਰਗੇਨਾਈਜੇਸ਼ਨਜ਼ (ਫਆਪੋ) ਦੇ ਸਹਿਯੋਗ ਨਾਲ ਕਰਵਾਈ ਗਈ, ਇਸ ਵਰਕਸ਼ਾਪ ਦਾ ਮੁੱਖ ਮੰਤਵ ਜਾਨਵਰਾਂ ‘ਤੇ ਬੇਰਹਿਮੀ, ਬੇਰਹਿਮੀ ਦੇ ਮਾਮਲੇ ਵਿਚ ਕੀਤੀ ਜਾਣ ਵਾਲੀ ਕਾਨੂੰਨੀ ਕਾਰਵਾਈ, ਕਾਰਵਾਈ ਦੀ ਪ੍ਰਕਿਰਿਆ, ਬੇਰਹਿਮੀ ਨੂੰ ਰੋਕਣ ਵਿਚ ਆਮ ਲੋਕਾਂ ਅਤੇ ਪੁਲਿਸ ਦੀ ਭੂਮਿਕਾ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ।
ਇਸ ਵਰਕਸ਼ਾਪ ਚ ਬੁਲਾਰਿਆਂ ਵਜੋਂ ਦਿੱਲੀ ਹਾਈ ਕੋਰਟ ਵਿੱਚ ਪ੍ਰੈਕਟਿਸ ਕਰ ਰਹੇ ਵਕੀਲ ਵਰਨਿਕਾ ਸਿੰਘ ਅਤੇ ਅਮਨ ਅਸ਼ੀਸ਼ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਪਸ਼ੂਆਂ ਦੀ ਭਲਾਈ ਤੇ ਉਨ੍ਹਾਂ ਦੀ ਸੁਰੱਖਿਆ ਲਈ ਬਣੇ ਕਾਨੂੰਨਾਂ ਤੇ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹੇ ਵਿੱਚ ਕਿਤੇ ਵੀ ਕਿਸੇ ਪਸ਼ੂ ਨਾਲ ਕਿਸੇ ਕਿਸਮ ਦੀ ਬੇਰਹਿਮੀ ਹੁੰਦੀ ਹੈ ਤਾਂ ਇਸ ਦੀ ਸ਼ਿਕਾਇਤ ਐਸ.ਪੀ.ਸੀ.ਏ ਬਠਿੰਡਾ ਨੂੰ ਲਿਖਤੀ ਰੂਪ ਵਿੱਚ ਕੀਤੀ ਜਾ ਸਕਦੀ ਹੈ, ਜਿਸ ‘ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਕਿਸੇ ਵੀ ਅਵਾਰਾ ਜਾਨਵਰ/ਕੁੱਤੇ ਨੂੰ ਮਾਰਨਾ, ਕਿਸੇ ਜਾਨਵਰ ਨੂੰ ਅੰਗਹੀਣ ਕਰਨਾ/ਤਸੀਹੇ ਦੇਣਾ/ਜ਼ਹਿਰ ਦੇਣਾ, ਕਿਸੇ ਵੀ ਪਾਲਤੂ ਕੁੱਤੇ ਨੂੰ ਹਮੇਸ਼ਾ ਬੰਨ੍ਹ ਕੇ ਰੱਖਣਾ, ਉਸ ਨੂੰ ਜ਼ਿਆਦਾਤਰ ਸਮਾਂ ਭੁੱਖਾ ਅਤੇ ਪਿਆਸਾ ਰੱਖਣਾ, ਕਿਸੇ ਵੀ ਕੁੱਤੇ ਦੀ ਪੂਛ ਜਾਂ ਕੰਨ ਕੱਟਣਾ, ਕੁੱਤਿਆਂ/ਕੁੱਕੜਾਂ ਜਾਂ ਜਾਨਵਰਾਂ ਦੀ ਲੜਾਈ ਕਰਵਾਉਣੀ ਜਾ ਲੜਾਈ ਦਾ ਆਯੋਜਨ ਕਰਵਾਉਣਾ, ਜ਼ਿਆਦਾ ਦੁੱਧ ਪੈਦਾ ਕਰਨ ਲਈ ਗਾਵਾਂ ਤੇ ਮੱਝਾਂ ‘ਤੇ ਆਕਸੀਟੋਸਿਨ ਵਰਗੇ ਕਿਸੇ ਵੀ ਪਦਾਰਥ ਦੀ ਵਰਤੋਂ ਕਰਨਾ, ਪਾਲਤੂ ਜਾਨਵਰ ਦੇ ਬੀਮਾਰ ਜਾਂ ਬੁੱਢਾ ਹੋਣ ਤੇ ਉਸ ਨੂੰ ਅਵਾਰਾ ਛੱਡ ਦੇਣਾ ਅਤੇ ਅਵਾਰਾ ਕੁੱਤਿਆਂ ਨੂੰ ਉਨ੍ਹਾਂ ਦੇ ਖੇਤਰ ਵਿੱਚੋਂ ਕੱਢਣਾ ਆਦਿ ਜਾਨਵਰਾਂ ਲਈ ਬੇਰਹਿਮੀ ਦੀ ਰੋਕਥਾਮ ਐਕਟ ਦੇ ਤਹਿਤ ਸਜ਼ਾਯੋਗ ਅਪਰਾਧ ਹੈ।
ਇਸ ਮੌਕੇ ਨਗਰ ਨਿਗਮ ਦੇ ਚੀਫ ਸੈਨੇਟਰੀ ਇੰਸਪੈਕਟਰ ਸੰਦੀਪ ਕਟਾਰੀਆ, ਸੰਜੀਵ ਗੋਇਲ, ਪੰਕਜ ਬਾਂਸਲ, ਉਦੈਬੀਰ ਸਿੰਘ, ਅਮਨਦੀਪ ਸਿੰਘ ਗੋਰਾਇਣ ਅਤੇ ਰਾਜ ਕੁਮਾਰ ਸਿੰਘ ਆਦਿ ਹਾਜ਼ਰ ਸਨ।