ਵਿਦਿਆਰਥੀ ਜ਼ਿੰਦਗੀ ਚ ਹਿੰਮਤ ਨਾਲ ਅੱਗੇ ਵਧਣ ਤਾਂ ਸਫ਼ਲਤਾ ਉਨ੍ਹਾਂ ਦੇ ਪੈਰ ਜ਼ਰੂਰ ਚੁੰਮ੍ਹੇਗੀ : ਸਪੀਕਰ ਕੁਲਤਾਰ ਸੰਧਵਾਂ

 

ਵਿਦਿਆਰਥੀ ਜ਼ਿੰਦਗੀ ਚ ਹਿੰਮਤ ਨਾਲ ਅੱਗੇ ਵਧਣ ਤਾਂ ਸਫ਼ਲਤਾ ਉਨ੍ਹਾਂ ਦੇ ਪੈਰ ਜ਼ਰੂਰ ਚੁੰਮ੍ਹੇਗੀ : ਸਪੀਕਰ ਕੁਲਤਾਰ ਸੰਧਵਾਂ

• ਭਾਈ ਰੂਪ ਚੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਸਲਾਨਾ ਸਮਾਗਮ ਚ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ

ਭਾਈਰੂਪਾ, ਰਾਮਪੁਰਾ (ਬਠਿੰਡਾ), 1 ਦਸੰਬਰ : ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਜ਼ਿਲ੍ਹੇ ਦੇ ਪਿੰਡ ਭਾਈਰੂਪਾ ਵਿਖੇ ਭਾਈ ਰੂਪ ਚੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਸਲਾਨਾ ਸਮਾਗਮ ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਰਾਮਪੁਰਾ ਸ਼੍ਰੀ ਬਲਕਾਰ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

ਇਸ ਮੌਕੇ ਸ. ਕੁਲਤਾਰ ਸਿੰਘ ਸੰਧਵਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਦੇ ਵੀ ਮਿਹਨਤ ਕਰਨ ਤੇ ਸੰਘਰਸ਼ ਤੋਂ ਘਬਰਾਉਣਾ ਨਹੀਂ ਚਾਹੀਦਾ, ਸਗੋਂ ਸੰਘਰਸ਼ ਦਾ ਮੁਕਾਬਲਾ ਕਰਦਿਆਂ ਜਿੰਦਗੀ ਚ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਹੌਂਸਲਾਂ ਦਿੰਦਿਆਂ ਕਿਹਾ ਕਿ ਉਹ ਜ਼ਿੰਦਗੀ ਵਿੱਚ ਹਿੰਮਤ ਨਾਲ ਅੱਗੇ ਵਧਣ ਤਾਂ ਸਫ਼ਲਤਾ ਇੱਕ ਨਾ ਇੱਕ ਦਿਨ ਉਨ੍ਹਾਂ ਦੇ ਪੈਰ ਜ਼ਰੂਰ ਚੁੰਮ੍ਹੇਗੀ।

ਇਸ ਦੌਰਾਨ ਸ. ਸੰਧਵਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਜਿੱਥੇ ਸਾਨੂੰ ਪੰਜਾਬੀ ਮਾਂ ਬੋਲੀ ਨੂੰ ਪਹਿਲ ਦੇਣੀ ਚਾਹੀਦੀ ਹੈ, ਉੱਥੇ ਹੀ ਹਰ ਬੋਲੀ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਹੈ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਜੋ ਵਿਦਿਆਰਥੀ “ਜਾਪੁਜੀ ਸਾਹਿਬ” ਤੇ ਲੇਖ ਲਿਖਣਗੇ, ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ ਨੂੰ 5100 ਰੁਪਏ, ਦੂਜੇ ਤੇ 3100 ਰੁਪਏ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ ਨੂੰ 2100 ਰੁਪਏ ਇਨਾਮ ਰਾਸ਼ੀ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਖੇਡਾਂ, ਪੜ੍ਹਾਈ ਆਦਿ ਵਿੱਚ ਮੱਲ੍ਹਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਸਨਮਾਨਿਤ ਵੀ ਕੀਤਾ।

ਇਸ ਤੋਂ ਪਹਿਲਾ ਰਾਮਪੁਰਾ ਦੇ ਵਿਧਾਇਕ ਸ਼੍ਰੀ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸੂਬੇ ਵਿਚ ਸਿੱਖਿਆ ਦੇ ਪਸਾਰ ਲਈ ਵੱਡੇ ਉਪਰਾਲੇ ਵਿੱਢੇ ਗਏ ਹਨ ਅਤੇ ਜਦ ਸਾਡੀ ਨਵੀਂ ਪੀੜ੍ਹੀ ਗਿਆਨ ਨਾਲ ਜੁੜਕੇ ਅੱਗੇ ਵਧੇਗੀ ਤਾਂ ਰੰਗਲੇ ਪੰਜਾਬ ਦੀ ਸਿਰਜਣਾ ਦੇ ਸੰਕਲਪ ਦੀ ਸਿੱਧੀ ਯਕੀਨੀ ਹੈ।

ਇਸ ਮੌਕੇ ਸਪੀਕਰ ਸ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਿੰਡ ਕੋਠਾ ਗੁਰੂ ਵਿਖੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।

ਇਸ ਉਪਰੰਤ ਸਪੀਕਰ ਪੰਜਾਬ ਵਿਧਾਨ ਸਭਾ ਸ ਕੁਲਤਾਰ ਸਿੰਘ ਸੰਧਵਾਂ ਵਲੋਂ ਰਾਮਪੁਰਾ ਵਿਖੇ ਪੰਜਾਬ ਪੁਲਿਸ ਦੇ ਪੀਸੀਆਰ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਰਾਮਪੁਰਾ ਸ਼੍ਰੀ ਬਲਕਾਰ ਸਿੰਘ ਸਿੱਧੂ ਅਤੇ ਐਸਐਸਪੀ ਸ਼੍ਰੀ ਹਰਮਨਬੀਰ ਸਿੰਘ ਗਿੱਲ ਆਦਿ ਅਧਿਕਾਰੀ ਤੇ ਸਖਸ਼ੀਅਤਾਂ ਵਿਸ਼ੇਸ਼ ਮੌਜੂਦ ਰਹੇ।