ਕੁਸ਼ਤੀਆਂ ਦੇ ਮੁਕਾਬਲੇ ਵੀ ਹੋਣਗੇ ਖਿੱਚ ਦਾ ਕੇਂਦਰ

 

 

“ਨਸ਼ਾ ਮੁਕਤ ਪੰਜਾਬ”

 

ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਚ ਕਬੱਡੀ ਤੇ ਕੁਸ਼ਤੀ ਮੁਕਾਬਲੇ 24 ਨੂੰ

 

ਲੜਕਿਆਂ ਦੇ 3 ਅਤੇ ਲੜਕੀਆਂ ਦਾ 1 ਹੋਵੇਗਾ ਕਬੱਡੀ ਮੈਚ

 

ਕੁਸ਼ਤੀਆਂ ਦੇ ਮੁਕਾਬਲੇ ਵੀ ਹੋਣਗੇ ਖਿੱਚ ਦਾ ਕੇਂਦਰ

 

ਬਠਿੰਡਾ, 23 ਨਵੰਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਗਈ ਮੁਹਿੰਮ “ਨਸ਼ਾ ਮੁਕਤ ਪੰਜਾਬ” ਤਹਿਤ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਏ.ਡੀ.ਜੀ.ਪੀ. ਬਠਿੰਡਾ ਰੇਂਜ ਸ਼੍ਰੀ ਐਸ.ਪੀ.ਐਸ. ਪਰਮਾਰ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਹੇਠ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦੇ ਮੱਦੇਨਜ਼ਰ ਸਥਾਨਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਕਬੱਡੀ (ਸਰਕਲ ਸਟਾਇਲ) ਅਤੇ ਕੁਸ਼ਤੀ ਦੇ ਮੁਕਾਬਲੇ 24 ਨਵੰਬਰ ਨੂੰ ਕਰਵਾਏ ਜਾਣਗੇ ਅਤੇ ਇਸ ਮੌਕੇ ਨਸ਼ਿਆਂ ਵਿਰੁੱਧ ਸਹੁੰ ਵੀ ਚੁਕਵਾਈ ਜਾਵੇਗੀ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਸਾਂਝੀ ਕੀਤੀ।

 

ਸੂਬਾ ਸਰਕਾਰ ਦੀ ਨਸ਼ਿਆਂ ਖਿਲਾਫ਼ ਵਿੱਢੀ ਗਈ ਮੁਹਿੰਮ “ਨਸ਼ਾ ਮੁਕਤ ਪੰਜਾਬ” ਤਹਿਤ ਕਰਵਾਏ ਜਾਣ ਵਾਲੇ ਕਬੱਡੀ ਅਤੇ ਕੁਸ਼ਤੀ ਮੁਕਾਬਲਿਆਂ ਦੀਆਂ ਅਗਾਊਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਗਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ਼੍ਰੀਮਤੀ ਇਨਾਯਤ ਨੇ ਦੱਸਿਆ ਕਿ ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨਗੇ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।

 

ਸਮਾਗਮ ਦੀਆਂ ਤਿਆਰੀਆਂ ਸਬੰਧੀ ਐਸ.ਪੀ.ਐਚ ਸ਼੍ਰੀ ਗੁਰਵਿੰਦਰ ਸਿੰਘ ਸੰਘਾ ਨੇ ਸਥਾਨਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਦਾ ਦੌਰਾ ਕਰਨ ਮੌਕੇ ਦੱਸਿਆ ਕਿ ਦੁਪਹਿਰ 2 ਵਜੇ ਸ਼ੁਰੂ ਹੋਣ ਵਾਲੇ ਇਨ੍ਹਾਂ ਮੁਕਾਬਲਿਆਂ ਦੌਰਾਨ ਲੜਕਿਆਂ ਦੇ 3 ਕਬੱਡੀ ਮੁਕਾਬਲੇ ਅਤੇ ਲੜਕੀਆਂ ਦਾ 1 ਕਬੱਡੀ ਮੁਕਾਬਲਾ ਕਰਵਾਉਣ ਦੇ ਨਾਲ-ਨਾਲ ਕੁਸ਼ਤੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ, ਜੋ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਇਸ ਮੌਕੇ ਪ੍ਰਸਿੱਧ ਗਾਇਕ ਜਸਵਿੰਦਰ ਜੱਸੀ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ।

 

ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਪਰਮਿੰਦਰ ਸਿੰਘ, ਕਾਰਜਕਾਰੀ ਇੰਜੀਨੀਅਰ ਸ਼੍ਰੀ ਰਾਜਿੰਦਰ ਕੁਮਾਰ, ਐਡ.ਡੀ.ਓ ਲੋਕ ਨਿਰਮਾਣ ਵਿਭਾਗ ਸ਼੍ਰੀ ਅਮੁੱਲਿਆ ਗਰਗ, ਜ਼ਿਲ੍ਹਾ ਮੰਡੀ ਅਫ਼ਸਰ ਸ਼੍ਰੀ ਗੁਰਬਿੰਦਰ ਸਿੰਘ, ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਸ਼੍ਰੀ ਰਘਵੀਰ ਸਿੰਘ ਮਾਨ, ਸਕੱਤਰ ਰੈਡ ਕਰਾਸ ਸ਼੍ਰੀ ਦਰਸ਼ਨ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।