You are currently viewing ਪਿਛਲੇਂ 3 ਸਾਲਾਂ ਤੋਂ ਗੁਰਲਾਭ ਪਰਾਲੀ ਨੂੰ ਅੱਗ ਲਗਾਏ ਬਗੈਰ ਹੈਪੀ ਸੀਡਰ ਨਾਲ ਕਰ ਰਿਹਾ ਕਣਕ ਦੀ ਬਿਜਾਈ 

ਪਿਛਲੇਂ 3 ਸਾਲਾਂ ਤੋਂ ਗੁਰਲਾਭ ਪਰਾਲੀ ਨੂੰ ਅੱਗ ਲਗਾਏ ਬਗੈਰ ਹੈਪੀ ਸੀਡਰ ਨਾਲ ਕਰ ਰਿਹਾ ਕਣਕ ਦੀ ਬਿਜਾਈ 

 

ਪਿਛਲੇਂ 3 ਸਾਲਾਂ ਤੋਂ ਗੁਰਲਾਭ ਪਰਾਲੀ ਨੂੰ ਅੱਗ ਲਗਾਏ ਬਗੈਰ ਹੈਪੀ ਸੀਡਰ ਨਾਲ ਕਰ ਰਿਹਾ ਕਣਕ ਦੀ ਬਿਜਾਈ

ਪਿੰਡ ਦੇ ਹੋਰਨਾਂ ਕਿਸਾਨਾਂ ਲਈ ਬਣ ਰਿਹਾ ਰਾਹ ਦਸੇਰਾ

ਬਠਿੰਡਾ, 20 ਨਵੰਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਜ਼ਮੀਨ ਅੰਦਰਲੇ ਕੁਦਰਤੀ ਤੱਤਾਂ ਨੂੰ ਬਚਾਉਣ ਲਈ ਪਰਾਲੀ ਦੀ ਸਾਂਭ-ਸੰਭਾਲ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਕੁਦਰਤੀ ਤੱਤਾਂ ਦਾ ਖਾਤਮਾ ਹੁੰਦਾ ਹੈ ਉੱਥੇ ਵਾਤਾਵਰਣ ਵੀ ਗੰਧਲਾ ਹੁੰਦਾ ਹੈ। ਇਸ ਤੋਂ ਇਲਾਵਾ ਪਰਾਲੀ ਦੇ ਸਾੜਨ ਉਪਰੰਤ ਨਿੱਕਲੇ ਗੰਦੇ ਧੂੰਦੇ ਦੇ ਕਾਰਨ ਮਨੁੱਖੀ ਸਿਹਤ, ਪਸ਼ੂਆਂ, ਜਾਨਵਰਾਂ ਅਤੇ ਜੀਵ ਜੰਤੂਆਂ ‘ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਜ਼ਿਲ੍ਹੇ ਦੇ ਕਈ ਅਗਾਂਹਵਧੂ ਕਿਸਾਨ ਪਰਾਲੀ ਨੂੰ ਅੱਗ ਲਗਾਏ ਬਗੈਰ ਵੀ ਕਣਕ ਦੀ ਬਿਜਾਈ ਕਰ ਰਹੇ ਹਨ ਅਜਿਹੇ ਕਿਸਾਨਾਂ ਵਿਚੋਂ ਇੱਕ ਹੈ ਪਿੰਡ ਗਹਿਰੀ ਦੇਵੀ ਦਾ ਉਦਮੀ ਕਿਸਾਨ ਗੁਰਲਾਭ ਸਿੰਘ ਜੋ ਹੋਰਨਾਂ ਕਿਸਾਨਾਂ ਲਈ ਵੀ ਰਾਹ ਦਸੇਰਾ ਬਣ ਰਿਹਾ ਹੈ।

ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਹਸਨ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਤਾਵਰਣ ਪ੍ਰੇਮੀ ਕਿਸਾਨ ਗੁਰਲਾਭ ਸਿੰਘ ਵਾਸੀ ਪਿੰਡ ਗਹਿਰੀ ਦੇਵੀ ਨਗਰ ਸਰਕਲ ਕੋਟਸ਼ਮੀਰ ਬਲਾਕ ਬਠਿੰਡਾ ਪਿਛਲੇ ਤਿੰਨ ਸਾਲਾਂ ਤੋਂ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਕੇ ਪੂਰਾ ਝਾੜ ਪ੍ਰਾਪਤ ਕਰ ਰਿਹਾ ਹੈ ਜੋ ਕਿ ਪਿੰਡ ਦੇ ਹੋਰਨਾਂ ਕਿਸਾਨਾਂ ਲਈ ਮਾਰਗ ਦਰਸ਼ਕ ਹੈ। ਗੁਰਲਾਭ ਸਿੰਘ ਨੇ ਬਾਰਵੀਂ ਤੱਕ ਪੜ੍ਹਾਈ ਕਰਕੇ ਖੇਤੀ ਦਾ ਧੰਦਾ ਅਪਣਾਇਆ ਅਤੇ ਖੇਤੀਬਾੜੀ ਵਿਭਾਗ ਦੀਆ ਸਿਫਾਰਿਸ਼ਾਂ ਅਨੁਸਾਰ ਨਵੀਆਂ ਖੇਤੀ ਤਕਨੀਕਾਂ ਨਾਲ ਲਾਹੇਵੰਦ ਧੰਦਾ ਕਰ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਕਿਸਾਨ 22 ਏਕੜ ਰਕਬੇ ਵਿੱਚ ਖੇਤੀ ਕਰਦਾ ਹੈ ਜਿਸ ਵਿੱਚੋਂ 20 ਏਕੜ ਵਿੱਚ ਉਸਨੇ ਝੋਨੇ ਦੀ ਪਰਾਲੀ ਖੇਤ ਵਿੱਚ ਮਿਲਾ ਕੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਕੇ ਵਧੀਆ ਝਾੜ ਪ੍ਰਾਪਤ ਕੀਤਾ ਹੈ ਅਤੇ 2 ਏਕੜ ਰਕਬੇ ਵਿੱਚ ਸਰੋਂ ਦੀ ਕਾਸ਼ਤ ਕੀਤੀ ਹੈ।ਕਿਸਾਨ ਮੁਤਾਬਕ ਹੈਪੀ ਸੀਡਰ ਨਾਲ ਬਿਜਾਈ ਕਰਕੇ ਜਿੱਥੇ ਬਿਜਾਈ ਦਾ ਖਰਚਾ ਘਟਿਆ ਹੈ ਉੱਥੇ ਹੀ ਪਰਾਲੀ ਖੇਤ ਵਿੱਚ ਮਿਲਾਉਣ ਨਾਲ ਮਿੱਟੀ ਦੇ ਜੈਵਿਕ ਕਾਰਬਨ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੋਣ ਦੇ ਨਾਲ-ਨਾਲ ਖਾਦਾਂ ਦੀ ਵਰਤੋਂ ਵੀ ਘੱਟ ਹੋਈ ਹੈ।ਫਸਲ ਵਿੱਚ ਨਦੀਨ ਵੀ ਘੱਟ ਹੁੰਦੇ ਹਨ ਜਿਸ ਨਾਲ ਘੱਟ ਨਦੀਨਨਾਸ਼ਕਾ ਦੀ ਲੋੜ ਪੈਂਦੀ ਹੈ। ਕਿਸਾਨ ਨੇ ਦੱਸਿਆ ਕਿ ਹੈਪੀ ਸੀਡਰ ਦੀ ਮੱਦਦ ਨਾਲ ਉਸਨੇ ਘੱਟ ਖਰਚਾ ਕਰਕੇ ਵਧੀਆ ਕੁਆਲਿਟੀ ਦਾ ਝਾੜ ਪ੍ਰਾਪਤ ਕੀਤਾ ਹੈ।

ਇਸ ਮੌਕੇ ਖੇਤੀਬਾੜੀ ਅਫਸਰ ਡਾ. ਬਲਜਿੰਦਰ ਸਿੰਘ ਵਲੋਂ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਗੁਰਲਾਭ ਸਿੰਘ ਤੋਂ ਪ੍ਰੇਰਨਾ ਲੈ ਕੇ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਸੁਧਰੇ ਹੋਏ ਖੇਤੀ ਸੰਦਾਂ ਦੀ ਮੱਦਦ ਨਾਲ ਫਸਲਾਂ ਦੀ ਬਿਜਾਈ ਕਰਨ ਤਾਂ ਜੋ ਖੇਤੀ ਖਰਚੇ ਘਟਾ ਕੇ ਵਧੀਆ ਕੁਆਲਿਟੀ ਦਾ ਝਾੜ ਪ੍ਰਾਪਤ ਕਰਨ ਅਤੇ ਵਾਤਾਵਰਨ ਦੇ ਸੁਧਾਰ ਵਿੱਚ ਪਹਿਲ ਕਦਮੀ ਕਰਕੇ ਜੀਵ-ਜੰਤੂਆਂ ਦੀ ਰੱਖਿਆ ਵਿੱਚ ਆਪਣਾ ਯੋਗਦਾਨ ਪਾਉਣ।

ਲੰਮੀ ਸੋਚ ਦੇ ਮਾਲਕ ਕਿਸਾਨ ਨੇ ਦੱਸਿਆ ਕਿ ਉਹ ਪਿਛਲੇ ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ ਸਗੋਂ ਜ਼ਮੀਨ ਵਿੱਚ ਹੀ ਮਿਲਾਉਣ ਲੱਗ ਪਿਆ ਹੈ ਜਿਸ ਨਾਲ ਉਸ ਦੀ ਫ਼ਸਲ ਦੇ ਝਾੜ ਵਿੱਚ ਵਾਧਾ ਹੋਇਆ ਹੈ ਅਤੇ ਵਾਤਾਵਰਣ ਪ੍ਰਤੀ ਵੀ ਆਪਣਾ ਫ਼ਰਜ਼ ਨਿਭਾਅ ਰਿਹਾ ਹੈ।

ਇਸ ਦੌਰਾਨ ਡਾ. ਬਲਜਿੰਦਰ ਸਿੰਘ ਨੇ ਭਰੋਸਾ ਦਿਵਾਇਆ ਕਿ ਖੇਤੀਬਾੜੀ ਵਿਭਾਗ ਹਰ ਪੱਖ ਤੋਂ ਖੇਤੀ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਕਿਸਾਨਾਂ ਦੀ ਮੱਦਦ ਲਈ ਬਚਨਵੱਧ ਹੈ ਜਿਸ ਤਹਿਤ ਵਿਭਾਗ ਕਿਸਾਨਾਂ ਨੂੰ ਸਮੇਂ-ਸਮੇਂ ਤੇ ਤਕਨੀਕੀ ਜਾਣਕਾਰੀ ਅਤੇ ਵਧੀਆ ਖੇਤੀ ਸਮੱਗਰੀ ਮੁਹੱਈਆ ਕਰਵਾ ਰਿਹਾ ਹੈ।