ਨੌਜਵਾਨ ਪੀੜੀ ਲਈ ਮਰਿਆਦਾ, ਇਤਿਹਾਸ ‘ਤੇ ਸੱਭਿਆਚਾਰ ਦੇ ਨਾਲ ਜੁੜਨਾ ਲਾਜ਼ਮੀ : ਗੁਰਮੀਤ ਸਿੰਘ ਖੁੱਡੀਆਂ
• ਵੱਡੀ ਤਾਦਾਦ ਚ ਪਹੁੰਚੇ ਦਰਸ਼ਕਾਂ ‘ਤੇ ਨੌਜਵਾਨਾਂ ਦੇ ਭਾਰੀ ਉਤਸਾਹ ਦੇ ਨਾਲ ਕੌਮੀ ਨਾਟਕ ਮੇਲਾ ਯਾਦਗਾਰੀ ਹੋ ਨਿਬੜਿਆ
• ਆਖਰੀ ਸ਼ਾਮ ਮੌਕੇ ਰੰਗ ਕਰਮੀ ਕੀਰਤੀ ਕਿਰਪਾਲ ਦੀ ਆਪਣੀ ਟੀਮ ਵੱਲੋਂ ਨਾਟਕ ‘ਡੈਡ’ਜ਼ ਗਰਲਫ੍ਰੈਂਡ’ ਕੀਤਾ ਗਿਆ ਪੇਸ਼
ਬਠਿੰਡਾ, 6 ਨਵੰਬਰ : ਅੱਜ ਦੀ ਨੌਜਵਾਨ ਪੀੜੀ ਨੂੰ ਸਾਡੀ ਮਰਿਆਦਾ, ਇਤਿਹਾਸ ‘ਤੇ ਸੱਭਿਆਚਾਰ ਦੇ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ, ਜਿਸ ਲਈ ਨਾਟਿਅਮ ਪੰਜਾਬ ਵਰਗੀਆਂ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਉਪਰਾਲੇ ਬੇਹੱਦ ਸ਼ਲਾਘਾਯੋਗ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁਡੀਆਂ ਨੇ ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਨਾਟਿਅਮ ਪੰਜਾਬ ਵੱਲੋਂ ਕਰਵਾਏ ਗਏ 15 ਰੋਜ਼ਾ ਦੇ 12ਵੇਂ ਕੌਮੀ ਨਾਟਕ ਮੇਲੇ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਨਾਟਿਅਮ ਪੰਜਾਬ ਨੂੰ ਆਪਣੇ ਮਹਿਕਮੇ ਵੱਲੋਂ 50 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਦਾ ਵੀ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਬਠਿੰਡਾ ਸ਼ਹਿਰੀ ਵਿਧਾਇਕ ਸ. ਜਗਰੂਪ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ
ਇਸ ਮੌਕੇ ਨਾਟਿਅਮ ਪੰਜਾਬ ਵੱਲੋਂ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਤੇ ਡਰੀਮ ਹਾਈਟਸ ਦੇ ਸਾਂਝੇ ਸਹਿਯੋਗ ਨਾਲ ਕਰਵਾਏ ਗਏ 12ਵੇਂ ਰਾਸ਼ਟਰੀ ਥਿਏਟਰ ਫੈਸਟੀਵਲ ਦੇ ਸਮਾਪਤੀ ਸਮਾਰੋਹ ਦੌਰਾਨ ਰੰਗ ਕਰਮੀ ਕੀਰਤੀ ਕਿਰਪਾਲ ਦੀ ਆਪਣੀ ਟੀਮ ਵੱਲੋਂ ਨਾਟਕ ‘ਡੈਡ’ਜ਼ ਗਰਲਫ੍ਰੈਂਡ’ ਪੇਸ਼ ਕੀਤਾ ਗਿਆ। ਇਹ ਨਾਟਕ ਮੂਲ ਰੂਪ ਵਿੱਚ ਅਤੁਲ ਸਤਿਆ ਕੌਸ਼ਿਕ ਵੱਲੋਂ ਲਿਖਿਆ ਗਿਆ ਹੈ।
ਨਾਟਕ ਦਾ ਮੁੱਖ ਪਾਤਰ ਇੱਕ ਨਾਮੀ ਲੇਖਕ ਹੈ, ਜੋ ਦੌਲਤ ਸ਼ੋਹਰਤ ਕਮਾਉਣ ਦੀ ਖਾਤਿਰ ਵਿਦੇਸ਼ ਵਿੱਚ ਰਹਿੰਦਾ ਹੋਇਆ ਆਪਣੇ ਪਰਿਵਾਰ ਤੋਂ ਦੂਰ ਹੁੰਦਾ ਹੈ। ਜਿਸ ਕਾਰਨ ਉਸ ਦੀ ਧੀ ਸ਼ੁਰੂ ਤੋਂ ਹੀ ਇਕੱਲੇਪਨ ਦਾ ਸ਼ਿਕਾਰ ਹੋ ਰਹੀ ਹੁੰਦੀ ਹੈ। ਪਰ ਭਾਰਤ ਵਾਪਸ ਆਉਣ ‘ਤੇ ਉਹ ਵਿਅਕਤੀ ਆਪਣੀ ਧੀ ਦੀ ਉਮਰ ਦੀ ਇੱਕ ਔਰਤ ਦੇ ਨਾਲ ਨੇੜਤਾ ਬਣਾ ਲੈਂਦਾ ਹੈ ਜੋ ਕਿ ਉਸ ਦੀ ਧੀ ਨੂੰ ਮਨਜ਼ੂਰ ਨਹੀਂ ਹੋ ਰਿਹਾ ਹੁੰਦਾ। ਇਸ ਸਭ ਕਾਰਨ ਉਸਦੀ ਧੀ ਨੂੰ ਆਪਣੇ ਪਿਤਾ ਦਾ ਪਿਆਰ ਨਹੀਂ ਮਿਲ ਪਾ ਰਿਹਾ ਜੋ ਕਿ ਦੋਵਾਂ ਲਈ ਇੱਕ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ।
ਨਾਟਕ ਦੇ ਆਖਰੀ ਸ਼ਾਮ ਮੌਕੇ ਖਚਾ-ਖੱਚ ਭਰੇ ਐਡੀਟੋਰੀਅਮ ਤੇ ਨੌਜਵਾਨਾਂ ਦੇ ਭਾਰੀ ਉਤਸਾਹ ਦੇ ਨਾਲ ਇਹ ਨਾਟਕ ਮੇਲਾ ਯਾਦਗਾਰੀ ਹੋ ਨਿਬੜਿਆ।
ਇਸ ਮੌਕੇ ਆਮ ਆਦਮੀ ਪਾਰਟੀ ਤੋਂ ਮਨਦੀਪ ਕੌਰ ਰਾਮਗੜ੍ਹੀਆ, ਐਮਸੀ ਸੁਖਦੀਪ ਢਿੱਲੋ, ਐਸਬੀਆਈ ਦੇ ਰੀਜਨਲ ਮੈਨੇਜਰ ਹਰਪ੍ਰੀਤ ਸਿੰਘ, ਸੁਧਰਸ਼ਨ ਗੁਪਤਾ, ਸਹਿ-ਸਰਪ੍ਰਸਤ ਡਾ ਪੂਜਾ ਗੁਪਤਾ, ਡਾ ਕਸ਼ਿਸ਼ ਗੁਪਤਾ, ਸੁਰਿੰਦਰ ਕੌਰ ਅਤੇ ਡਿਜ਼ਾਈਨਰ ਗੁਰਨੂਰ ਸਿੰਘ ਆਦਿ ਹਾਜ਼ਰ ਸਨ।