ਬਠਿੰਡਾ, 30 ਅਕਤੂਬਰ : ਵਿਜੀਲੈਂਸ ਵਿਭਾਗ ਵਲੋਂ ਹਰ ਸਾਲ 30 ਅਕਤੂਬਰ ਤੋਂ 5 ਨਵੰਬਰ ਤੱਕ ਭ੍ਰਿਸ਼ਟਾਚਾਰ ਵਿਰੋਧੀ ਸਪਤਾਹ ਮਨਾਇਆ ਜਾਂਦਾ ਹੈ। ਜਿਸ ਤਹਿਤ ਵਿਭਾਗ ਵਲੋਂ ਭ੍ਰਿਸ਼ਟਾਚਾਰ ਵਿਰੋਧੀ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਹ ਜਾਣਕਾਰੀ ਐਸ.ਐਸ.ਪੀ ਵਿਜੀਲੈਂਸ ਸ. ਹਰਪਾਲ ਸਿੰਘ ਨੇ ਅੱਜ ਇਥੇ ਆਪਣੇ ਦਫ਼ਤਰ ਵਿਖੇ ਭ੍ਰਿਸ਼ਟਾਚਾਰ ਵਿਰੋਧੀ ਸਪਤਾਹ ਦੀ ਸ਼ੁਰੂਆਤ ਕਰਨ ਉਪਰਤ ਸਾਂਝੀ ਕੀਤੀ। ਇਸ ਮੌਕੇ ਸਮੂਹ ਦਫਤਰੀ ਸਟਾਫ ਵੱਲੋਂ ਭ੍ਰਿਸ਼ਟਾਚਾਰ ਖਿਲਾਫ਼ ਸਹੁੰ ਵੀ ਚੁੱਕੀ ਗਈ।
ਇਸ ਦੌਰਾਨ ਸ. ਹਰਪਾਲ ਸਿੰਘ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਵਿਰੋਧੀ ਸਪਤਾਹ ਦਾ ਮੁੱਖ ਮੰਤਵ “ਭ੍ਰਿਸ਼ਟਾਚਾਰ ਦਾ ਵਿਰੋਧ ਕਰੋ, ਦੇਸ਼ ਦੇ ਪ੍ਰਤੀ ਵਚਨਵੱਧ ਰਹੋ’ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਜੀਲੈਂਸ ਵਿਭਾਗ ਵਲੋਂ ਵੱਖ-ਵੱਖ ਸੈਮੀਨਾਰ ਵੀ ਕਰਵਾਏ ਜਾਣਗੇ। ਕਰਵਾਏ ਜਾਣ ਵਾਲੇ ਇਨ੍ਹਾਂ ਸੈਮੀਨਾਰਾਂ ਦੌਰਾਨ 31 ਅਕਤੂਬਰ 2023 ਨੂੰ ਸਥਾਨਕ ਸਰਕਾਰੀ ਰਾਜਿੰਦਰਾ ਕਾਲਜ ਵਿਖੇ ਉਪ ਕਪਤਾਨ ਪੁਲਿਸ, ਰੇਂਜ ਬਠਿੰਡਾ ਸ. ਕੁਲਵੰਤ ਸਿੰਘ ਪੀ.ਪੀ.ਐਸ. ਵੱਲੋ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਵਿਦਿਆਰਥੀਆਂ ਨੂੰ ਭ੍ਰਿਸ਼ਟਾਚਾਰ ਪ੍ਰਤੀ ਜਾਗਰੂਕ ਕੀਤਾ ਜਾਵੇਗਾ।
ਮਨਾਏ ਜਾ ਰਹੇ ਇਸ ਸਪਤਾਹ ਦੌਰਾਨ ਡੀ.ਐਸ.ਪੀ, ਸੰਦੀਪ ਸਿੰਘ ਦੀ ਅਗਵਾਈ ਹੇਠ 1 ਨਵੰਬਰ 2023 ਨੂੰ ਰੈਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਤੇ 2 ਨਵੰਬਰ 2023 ਨੂੰ ਸਥਾਨਕ ਮਾਲਵਾ ਕਾਲਜ ਵਿਖੇ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
ਇਸੇ ਤਰ੍ਹਾਂ ਉਪ ਕਪਤਾਨ ਪੁਲਿਸ ਯੂਨਿਟ ਮਾਨਸਾ ਗੁਰਦੇਵ ਸਿੰਘ ਪੀ.ਪੀ.ਐਸ ਦੀ ਅਗਵਾਈ ਹੇਠ 3 ਨਵੰਬਰ 2023 ਨੂੰ ਐਸ.ਡੀ ਕੰਨਿਆ ਮਹਾਂਵਿਦਿਆਲਿਆ, ਮਾਨਸਾ ਵਿਖੇ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਸਪਤਾਹ ਮਨਾਇਆ ਜਾਵੇਗਾ।
4-5 ਨਵੰਬਰ 2023 ਨੂੰ ਦਫਤਰ ਡੀ.ਐਸ.ਪੀ. ਰੇਂਜ ਬਠਿੰਡਾ, ਯੂਨਿਟ ਬਠਿੰਡਾ, ਯੂਨਿਟ ਸ੍ਰੀ ਮੁਕਤਸਰ ਸਾਹਿਬ, ਯੂਨਿਟ ਮਾਨਸਾ ਵੱਲੋ ਵੱਖ-ਵੱਖ ਪਬਲਿਕ ਸਥਾਨ ਜਿਵੇਂ ਬੱਸ ਸਟੈਂਡ, ਬਜਾਰ ਆਦਿ ਪਰ ਪੰਪਲੇਟ ਵੰਡਕੇ ਆਮ ਲੋਕਾਂ ਨੂੰ ਭ੍ਰਿਸ਼ਟਾਚਾਰ ਦੇ ਸਬੰਧ ਵਿੱਚ ਜਾਗਰੂਕ ਕੀਤਾ ਜਾਵੇਗਾ।