ਬਠਿੰਡਾ, 30 ਅਕਤੂਬਰ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਅਤੇ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਸਥਾਨਕ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਵੱਖ-ਵੱਖ ਅਦਾਰਿਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਿਖੇ 31 ਅਕਤੂਬਰ 2023 ਨੂੰ ਸਵੇਰੇ 10 ਵਜੇ ਸਵੈ-ਰੋਜਗਾਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸ਼੍ਰੀ ਸੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਸ਼੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਸਵੈ-ਰੋਜਗਾਰ ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਜਿਵੇਂ ਕਿ ਜਿਲ੍ਹਾ ਉਦਯੋਗ ਕੇਂਦਰ, ਲੀਡ ਬੈਂਕ ਮੈਨੇਜਰ, ਐਨ.ਯੂ.ਐਲ.ਐਮ., ਐਨ.ਆਰ.ਐਲ.ਐਮ., ਐਸ.ਸੀ ਕਾਰਪੋਰੇਸ਼ਨ, ਬੈਕਫਿੰਕੋ, ਡੇਅਰੀ ਵਿਭਾਗ, ਕਿਰਤ ਵਿਭਾਗ ਵੱਲੋਂ ਭਾਗ ਲਿਆ ਜਾਵੇਗਾ। ਇਸ ਤੋਂ ਇਲਾਵਾ ਆਰ.ਸੇਟੀ., ਆਈ.ਐਚ.ਐਮ. ਸੰਸਥਾਵਾਂ ਵੱਲੋਂ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਸਕਿੱਲ ਕੋਰਸਾਂ ਦੀ ਜਾਣਕਾਰੀ ਵੀ ਮਹੁੱਈਆ ਕਰਵਾਈ ਜਾਵੇਗੀ ਅਤੇ ਕਾਮਨ ਸਰਵਿਸ ਸੈਂਟਰ, ਬਠਿੰਡਾ ਵੱਲੋਂ ਆਪਣਾ ਨਵਾਂ ਕਾਰੋਬਾਰ ਸ਼ੁਰੂ ਕਰਨ ਸਬੰਧੀ ਪ੍ਰਾਰਥੀਆਂ ਨੂੰ ਗਾਈਡ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਰੋਜਗਾਰ ਅਫਸਰ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਹਰ ਵਰਗ ਦੇ ਪ੍ਰਾਰਥੀ ਭਾਗ ਲੈ ਸਕਦੇ ਹਨ। ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਆਪਣੀਆਂ ਸਵੈ ਰੋਜਗਾਰ ਸਕੀਮਾਂ ਸਬੰਧੀ ਪ੍ਰਾਰਥੀਆਂ ਨੂੰ ਜਾਣਕਾਰੀ ਮਹੁੱਈਆ ਕਰਵਾਈ ਜਾਵੇਗੀ। ਇਸ ਸਵੈ ਰੋਜਗਾਰ ਕੈਂਪ ਵਿੱਚ ਵੱਧ ਤੋਂ ਵੱਧ ਪ੍ਰਾਰਥੀ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਇਨ੍ਹਾਂ ਸਵੈ ਰੋਜਗਾਰ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰ ਸਕਦੇ ਹਨ।