ਸਹਾਇਕ ਲਾਈਬ੍ਰੇਰੀਅਨ ਅਤੇ ਲਾਈਬ੍ਰੇਰੀ ਰਿਸਟੋਰਰ ਦੀਆਂ ਅਸਾਮੀਆਂ ਲਈ ਕੀਤੀ ਗਈ ਚੋਣ
ਬਠਿੰਡਾ, 26 ਅਕਤੂਬਰ : ਸੂਬਾ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸ਼੍ਰੀ ਸੌਕਤ ਅਹਿਮਦ ਪਰੇ ਨੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਬਠਿੰਡਾ ਵਿਖੇ ਨਵੀਂ ਬਣਾਈ ਗਈ ਪਬਲਿਕ ਲਾਈਬ੍ਰੇਰੀ ਵਿੱਚ ਵਿਦਿਆਰਥੀਆਂ ਨੂੰ ਵਧੀਆ ਸਹੂਲਤਾਂ ਦੇਣ ਹਿੱਤ ਸਥਾਨਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵੱਲੋਂ ਸਹਾਇਕ ਲਾਈਬ੍ਰੇਰੀਅਨ ਅਤੇ ਲਾਈਬ੍ਰੇਰੀ ਰਿਸਟੋਰਰ ਦੀਆਂ ਅਸਾਮੀਆਂ ਲਈ ਕੀਤੀ ਗਈ ਚੋਣ ਉਪਰੰਤ ਕੀਤਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਹੋਇਆ ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਰਮਿੰਦਰ ਕੌਰ ਨੇ ਦੱਸਿਆ ਕਿ ਸਹਾਇਕ ਲਾਈਬ੍ਰੇਰੀਅਨ ਅਤੇ ਲਾਈਬ੍ਰੇਰੀ ਰਿਸਟੋਰਰ ਦੀਆਂ ਅਸਾਮੀਆਂ ਲਈ ਕੁੱਲ 50 ਵਿਦਿਆਰਥੀਆਂ ਵੱਲੋਂ ਇੰਟਰਵਿਊ ਵਿੱਚ ਹਿੱਸਾ ਲਿਆ ਗਿਆ ਸੀ।
ਰੋਜ਼ਗਾਰ ਅਫਸਰ ਮਿਸ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਇਸ ਇੰਟਰਵਿਊ ਵਿੱਚ ਸੈਂਟਰਲ ਯੂਨੀਵਰਸਿਟੀ ਤੋਂ ਡਾ. ਭੁਪਿੰਦਰ ਸਿੰਘ, ਐਮ.ਆਰ.ਐਸ.ਪੀ.ਟੀ.ਯੂ. ਤੋਂ ਡਾ. ਇਕਬਾਲ ਸਿੰਘ, ਭਾਸ਼ਾ ਵਿਭਾਗ ਤੋਂ ਸ਼੍ਰੀ ਕੀਰਤੀ ਕਿਰਪਾਲ ਸਿੰਘ, ਬਾਬਾ ਫ਼ਰੀਦ ਗਰੁੱਪ ਆਫ ਇੰਸਟੀਚਿਊਟ ਤੋਂ ਮੈਡਮ ਅਨੀਤਾ ਵੱਲੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਹਾਇਕ ਲਾਈਬ੍ਰੇਰੀਅਨ ਦੀਆਂ ਅਸਾਮੀਆਂ ਲਈ ਕੁੱਲ 7 ਵਿਦਿਆਰਥੀਆਂ ਨੂੰ ਅਤੇ ਲਾਈਬ੍ਰੇਰੀ ਰਿਸਟੋਰਰ ਦੀਆਂ ਅਸਾਮੀਆਂ ਲਈ ਕੁੱਲ 6 ਵਿਦਿਆਰਥੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਇਨ੍ਹਾਂ ਸ਼ਾਰਟਲਿਸਟ ਕੀਤੇ ਵਿਦਿਆਰਥੀਆਂ ਨੂੰ ਜਲਦ ਹੀ ਆਫਰ ਲੈਟਰ ਦਿੱਤੇ ਜਾਣਗੇ।
ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਸਥਾਨਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਵੱਲੋਂ ਹਰ ਹਫ਼ਤੇ ਪਲੇਸਮੈਂਟ ਕੈਪਾਂ ਦਾ ਆਯੋਜਨ ਕਰਦਿਆਂ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਚੋਣ ਕੀਤੀ ਜਾਂਦੀ ਹੈ ਤਾਂ ਜੋ ਵਿਦਿਆਰਥੀ ਆਪਣੇ ਪੈਰਾਂ ਤੇ ਖੜ੍ਹੇ ਹੋ ਕੇ ਰੁਜ਼ਗਾਰ ਦੇ ਕਾਬਲ ਬਣ ਸਕਣ। ਉਨ੍ਹਾਂ ਕਿਹਾ ਕਿ ਵਿਦਿਆਰਥੀ ਬਿਊਰੋ ਦੇ ਟੈਲੀਗ੍ਰਾਮ ਚੈਨਲ ਡੀ.ਬੀ.ਈ.ਈ. ਬਠਿੰਡਾ ਨੂੰ ਜ਼ਰੂਰ ਜੁਆਇੰਨ ਕਰਨ ਤਾਂ ਜੋ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਵਿਦਿਆਰਥੀਆਂ ਨੂੰ ਮਿਲ ਸਕੇ।